ਚੰਡੀਗੜ੍ਹ 07 ਜਨਵਰੀ 2022: ਏਅਰ ਇੰਡੀਆ ਦੀ ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਦੌਰਾਨ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੋ ਫਸਟ ਏਅਰਲਾਈਨ (GoFirst Airline) ਦੀ ਫਲਾਈਟ ‘ਚ ਯਾਤਰੀਆਂ ਵਲੋਂ ਇਕ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਗਈ। ਛੇੜਛਾੜ ਕਰਨ ਵਾਲੇ ਦੋਵੇਂ ਵਿਦੇਸ਼ੀ ਨਾਗਰਿਕ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਦੋਸ਼ੀ ਰੂਸੀ ਮੂਲ ਦੇ ਹਨ। ਇਸਦੇ ਨਾਲ ਹੀ ਇਸ ਘਟਨਾ ਦੀ ਸ਼ਿਕਾਇਤ ਡੀਜੀਸੀਏ ਨੂੰ ਵੀ ਕਰ ਦਿੱਤੀ ਗਈ ਹੈ।
ਇਹ ਘਟਨਾ 6 ਜਨਵਰੀ ਨੂੰ ਗੋ ਫਸਟ ਏਅਰਲਾਈਨ (Go First airline) ਦੀ ਗੋਆ-ਮੁੰਬਈ ਫਲਾਈਟ ਵਿੱਚ ਵਾਪਰੀ ਸੀ। ਦੋਸ਼ ਹੈ ਕਿ ਗੋਆ ਤੋਂ ਮੁੰਬਈ ਜਾ ਰਹੀ ਫਲਾਈਟ ‘ਚ ਸਵਾਰ ਦੋ ਵਿਦੇਸ਼ੀ ਨਾਗਰਿਕਾਂ ਨੇ ਜਹਾਜ਼ ਦੀ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ। ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਜਹਾਜ਼ ਤੋਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਗੋ ਫਸਟ ਏਅਰਲਾਈਨ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਰਿਪੋਰਟਾਂ ਮੁਤਾਬਕ ਜਦੋਂ ਮਹਿਲਾ ਕਰੂ ਮੈਂਬਰ ਯਾਤਰੀਆਂ ਨੂੰ ਸੁਰੱਖਿਆ ਬਾਰੇ ਦੱਸ ਰਹੀ ਸੀ ਤਾਂ ਵਿਦੇਸ਼ੀ ਯਾਤਰੀਆਂ ਨੇ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਅਪਸ਼ਬਦ ਬੋਲੇ। ਇਸ ‘ਤੇ ਜਹਾਜ਼ ‘ਚ ਸਵਾਰ ਇਕ ਹੋਰ ਯਾਤਰੀ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਮੰਗ ਕੀਤੀ ਕਿ ਦੋਹਾਂ ਦੋਸ਼ੀਆਂ ਨੂੰ ਜਹਾਜ਼ ‘ਚੋਂ ਉਤਾਰਿਆ ਜਾਵੇ। ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਦੋਸ਼ੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ।