ਤਰਨ ਤਾਰਨ

ਤਰਨ ਤਾਰਨ ’ਚ ਬੀਬੀ ਦੀ ਕੁੱਟਮਾਰ ਅਤੇ ਉਸ ਨੂੰ ਅਰਧ-ਨਗਨ ਕਰਕੇ ਗਲੀ ‘ਚ ਜ਼ਬਰਨ ਘੁਮਾਉਣ ਦੇ ਦੋਸ਼ ‘ਚ ਇੱਕ ਬੀਬੀ ਸਣੇ ਚਾਰ ਜਣੇ ਗਿਫ਼ਤਾਰ

ਚੰਡੀਗੜ੍ਹ/ਤਰਨ ਤਾਰਨ, 6 ਅਪ੍ਰੈਲ: ਇੱਕ ਬੀਬੀ ਦੀ ਕੁੱਟਮਾਰ ਕਰਕੇ ਉਸਨੂੰ ਅਰਧ- ਨਗਨ ਹਾਲਤ ਵਿੱਚ ਪਿੰਡ ਵਲਟੋਹਾ ਦੀ ਗਲੀ ਵਿੱਚ ਜ਼ਬਰਨ ਘੁੰਮਾਉਣ ਦੇ ਦੋਸ਼ ਵਿੱਚ ਤਰਨ ਤਾਰਨ ਪੁਲਿਸ ਨੇ ਇੱਕ ਬੀਬੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਸ਼ਨੀਵਾਰ ਨੂੰ ਇੱਥੇ ਐਸ.ਐਸ.ਪੀ. ,ਤਰਨਤਾਰਨ , ਅਸ਼ਵਨੀ ਕਪੂਰ ਨੇ ਦਿੱਤੀ।

ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਕੌਰ, ਗੁਰਚਰਨ ਸਿੰਘ ਅਤੇ ਸ਼ਰਨਜੀਤ ਸਿੰਘ ਉਰਫ ਸੰਨੀ ਵਾਸੀ ਜੀਵਨ ਨਗਰ ਵਲਟੋਹਾ ਅਤੇ ਸੰਨੀ ਵਾਸੀ ਪਿੰਡ ਅਬਾਦੀ ਅਮਰਕੋਟ ਅਮੀਰਕੇ, ਤਰਨਤਾਰਨ ਵਜੋਂ ਹੋਈ ਹੈ। ਇਹ ਘਟਨਾ 31 ਮਾਰਚ ਦੀ ਸ਼ਾਮ ਨੂੰ ਵਾਪਰੀ। ਦੱਸਣਯੋਗ ਹੈ ਕਿ ਲਗਭਗ ਇੱਕ ਮਹੀਨਾ ਪਹਿਲੋਂ ਪੀੜਤਾ ਦਾ ਲੜਕਾ ਇਕ ਔਰਤ ਨਾਲ ਫਰਾਰ ਹੋ ਗਿਆ ਸੀ ਅਤੇ ਪਰਿਵਾਰ ਦੀ ਮਰਜ਼ੀ ਦੇ ਉਲਟ ਉਸਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਸੀ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਪੀੜਤਾ ਆਪਣੇ ਘਰ ਇਕੱਲੀ ਸੀ ਤੇ ਕੁਲਵਿੰਦਰ ਕੌਰ (ਫਰਾਰ ਹੋਈ ਲੜਕੀ ਦੀ ਮਾਂ) ਗੁਰਚਰਨ, ਸ਼ਰਨਜੀਤ, ਸੰਨੀ ਅਤੇ ਇੱਕ ਅਣਪਛਾਤੇ ਵਿਅਕਤੀ ਨਾਲ , ਉਕਤ ਪ੍ਰੇਮ-ਵਿਆਹ ਦਾ ਬਦਲਾ ਲੈਣ ਲਈ ਉਸਦੇ ਘਰ ਆਏ ਅਤੇ ਗਾਲੀ-ਗਲੋਚ ਕਰਨ ਲੱਗੇ। ਬਾਅਦ ਵਿੱਚ ਉਨ੍ਹਾਂ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੱਪੜੇ ਵੀ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਕਥਿਤ ਘਟਨਾ ਦੀ ਵੀਡੀਓ, ਜਿਸ ਵਿੱਚ ਇੱਕ ਔਰਤ ਨੂੰ ਅਰਧ-ਨਗਨ ਹਾਲਤ ਵਿੱਚ ਗਲੀ ਵਿੱਚ ਜ਼ਬਰਨ ਘੁਮਾਇਆ ਗਿਆ ਸੀ, ਨੂੰ ਵੀ ਮੁਲਜ਼ਮਾਂ ਨੇ ਵਾਇਰਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਤਰਨਤਾਰਨ ਦੇ ਥਾਣਾ ਵਲਟੋਹਾ ਵਿਖੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354, 354-2, 354-4, 323 ਅਤੇ 149 ਦੇ ਤਹਿਤ ਐਫਆਈਆਰ ਨੰਬਰ 20 ਮਿਤੀ 3/4/2024 ਅਧੀਨ ਕੇਸ ਪਹਿਲਾਂ ਹੀ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਵੱਲੋਂ ਉਕਤ ਐਫਆਈਆਰ ਵਿੱਚ ਆਈ.ਟੀ. ਐਕਟ ਦੀ ਧਾਰਾ 67 ਅਤੇ 67-ਏ ਵੀ ਜੋੜੀ ਗਈ ਹੈ

Scroll to Top