ਚੰਡੀਗੜ੍ਹ, 09 ਮਾਰਚ 2023: ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ (Saurabh Bhardwaj) ਅਤੇ ਆਤਿਸ਼ੀ (Atishi) ਨੇ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਦੋਵਾਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਉਪ ਰਾਜਪਾਲ ਵੀ.ਕੇ ਸਕਸੈਨਾ ਦੀ ਮੌਜੂਦਗੀ ਵਿੱਚ ਹੋਇਆ। ਦੋਵਾਂ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਦੇ ਨਾਲ-ਨਾਲ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਆਤਿਸ਼ੀ ਸਿੱਖਿਆ, ਲੋਕ ਨਿਰਮਾਣ, ਬਿਜਲੀ ਅਤੇ ਸੈਰ-ਸਪਾਟਾ ਵਿਭਾਗ ਸੰਭਾਲਣਗੇ, ਜਦਕਿ ਸੌਰਭ ਭਾਰਦਵਾਜ ਨੂੰ ਸਿਹਤ, ਪਾਣੀ ਅਤੇ ਉਦਯੋਗ ਵਿਭਾਗ ਸੌਂਪੇ ਗਏ ਹਨ।
ਸੌਰਭ ਭਾਰਦਵਾਜ (Saurabh Bhardwaj) ਗ੍ਰੇਟਰ ਕੈਲਾਸ਼ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ। ਪਹਿਲੀ ਵਾਰ ਉਨ੍ਹਾਂ ਨੂੰ 49 ਦਿਨਾਂ ਦੀ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਵੀ ਬਣਾਇਆ ਗਿਆ ਸੀ | ਤੀਜੀ ਵਾਰ ਵਿਧਾਇਕ ਬਣਨ ਅਤੇ ਰਾਘਵ ਚੱਢਾ ਦੇ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਜਲ ਬੋਰਡ ਦਾ ਉਪ ਚੇਅਰਮੈਨ ਬਣਾਇਆ ਗਿਆ। ਉਹ ਪਾਰਟੀ ਦੇ ਸੰਸਥਾਪਕ ਮੈਂਬਰ ਹਨ ਅਤੇ ਅੰਨਾ ਅੰਦੋਲਨ ਨਾਲ ਵੀ ਜੁੜੇ ਹੋਏ ਸਨ।
ਆਤਿਸ਼ੀ ਪਹਿਲੀ ਵਾਰ ਬਣੀਮੰਤਰੀ
ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਤਿਸ਼ੀ ਨੇ ਪਹਿਲੀ ਵਾਰ ਮੰਤਰੀ ਵਜੋਂ ਸਹੁੰ ਚੁੱਕੀ ਹੈ । ਆਤਿਸ਼ੀ 2020 ਵਿੱਚ ਪਹਿਲੀ ਵਾਰ ਵਿਧਾਇਕ ਬਣੀ। ਆਤਿਸ਼ੀ ਲੰਬੇ ਸਮੇਂ ਤੋਂ ਕੇਜਰੀਵਾਲ ਸਰਕਾਰ ਨਾਲ ਕੰਮ ਕਰ ਰਹੇ ਹਨ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਲਾਹਕਾਰ ਵੀ ਰਹਿ ਚੁੱਕੇ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਹੋਏ ਬਦਲਾਅ ਪਿੱਛੇ ਆਤਿਸ਼ੀ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਆਤਿਸ਼ੀ ਦੇ ਸੁਝਾਅ ‘ਤੇ ਸਿੱਖਿਆ ਦੇ ਖੇਤਰ ‘ਚ ਕਈ ਬਦਲਾਅ ਕੀਤੇ ਗਏ ਹਨ।
1981 ਵਿੱਚ ਜਨਮੀ ਆਤਿਸ਼ੀ (Atishi) ਨੇ ਦਿੱਲੀ ਦੇ ਸਪ੍ਰਿੰਗਡੇਲ ਸਕੂਲ ਵਿੱਚ ਪੜ੍ਹਾਈ ਕੀਤੀ। ਫਿਰ ਉਨ੍ਹਾਂ ਨੇ ਸੇਂਟ ਸਟੀਫਨ ਕਾਲਜ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਡੀਯੂ ਤੋਂ ਪੜ੍ਹਾਈ ਕਰਨ ਤੋਂ ਬਾਅਦ ਰੋਡਜ਼ ਸਕਾਲਰਸ਼ਿਪ ਪ੍ਰਾਪਤ ਕਰਕੇ ਆਕਸਫੋਰਡ ਯੂਨੀਵਰਸਿਟੀ ਲੰਡਨ ਤੋਂ ਮਾਸਟਰਜ਼ ਕੀਤੀ । ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਆਤਿਸ਼ੀ ਨੇ ਆਂਧਰਾ ਪ੍ਰਦੇਸ਼ ਦੇ ਰਿਸ਼ੀ ਵੈਲੀ ਸਕੂਲ ਵਿੱਚ ਇਤਿਹਾਸ ਪੜ੍ਹਾਇਆ ਕਰਦੀ ਸੀ । ਉਨ੍ਹਾਂ ਨੇ ਕਈ ਸਵੈ-ਸੇਵੀ ਸੰਸਥਾਵਾਂ ਨਾਲ ਵੀ ਕੰਮ ਕੀਤਾ ਹੈ। ਆਤਿਸ਼ੀ ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਦੇ ਸੰਪਰਕ ਵਿੱਚ ਆਈ ਸੀ।