ਪਿੰਡ ਚੋਣੇ ਦੀ ਵਿਸ਼ਾਲ ਕੋਠੀ

ਦੋ ਪੰਜਾਬੀ ਭਲਵਾਨਾਂ ਦੀ ਸਫਲਤਾ ਦੀ ਗਵਾਹ ਬਟਾਲਾ ਨੇੜਲੇ ਪਿੰਡ ਚੋਣੇ ਦੀ ਵਿਸ਼ਾਲ ਕੋਠੀ

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ
ਬਟਾਲਾ (ਗੁਰਦਾਸਪੁਰ)

ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ: ਦੋ ਪੰਜਾਬੀ ਭਲਵਾਨਾਂ ਦੀ ਸਫਲਤਾ ਦੀ ਗਵਾਹ ਪਿੰਡ ਚੋਣੇ ਦੀ ਵਿਸ਼ਾਲ ਕੋਠੀ

ਬਟਾਲਾ ਨੇੜਲੇ ਪਿੰਡ ਚੋਣੇ ਦੀ ਇਲਾਕੇ ਭਰ ਵਿੱਚ ਪਛਾਣ ਇਥੋਂ ਦੀ ਇਕ ਬਹੁਤ ਵੱਡੀ ਇਮਾਰਤ ਕਾਰਨ ਹੈ। ਇਹ ਇਮਾਰਤ ਇਨ੍ਹੀ ਵੱਡੀ ਹੈ ਕਿ ਹਰ ਕੋਈ ਇਸ ਨੂੰ ਦੇਖ ਕੇ ਦੰਦਾਂ ਹੇਠਾਂ ਉਂਗਲਾਂ ਦਬਾ ਲੈਂਦਾ ਹੈ। ਕਹਿੰਦੇ ਹਨ ਕਿ ਜਦੋਂ ਇਹ ਕੋਠੀ ਬਣੀ ਸੀ ਤਾਂ ਬਟਾਲਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ’ਚੋਂ ਲੋਹਾ ਮੁੱਕ ਗਿਆ ਸੀ।

ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਵੀ ਬੜਾ ਰੌਚਕ ਹੈ। ਇਹ ਕੋਠੀ ਪਿੰਡ ਚੋਣੇ ਦੇ ਦੋ ਭਲਵਾਨ ਭਰਾਵਾਂ ਦੀ ਸਫਲਤਾ ਦੀ ਗਵਾਹ ਹੈ। ਪਿੰਡ ਚੋਣੇ ਦੇ ਇੱਕ ਗਰੀਬ ਜ਼ਿਮੀਦਾਰ ਪਰਿਵਾਰ ਦੇ ਦੋ ਭਲਵਾਨ ਭਰਾਵਾਂ ਨੇ ਪਿੰਡ ਵਿੱਚ ਮੱਝਾਂ ਚਾਰਦਿਆਂ ਅਤੇ ਘੋਲ ਕਰਦਿਆਂ ਆਪਣੇ ਜ਼ੋਰ ਨਾਲ ਅਜਿਹੇ ਮੈਦਾਨ ਮਾਰੇ ਕਿ ਇੰਡੋਨੇਸ਼ੀਆ ਦੇ ਮਸ਼ਹੂਰ ਸ਼ਹਿਰ ਮੇਦਾਨ ਤੱਕ ਉਨ੍ਹਾਂ ਦੀ ਭਲਵਾਨੀ ਦੀ ਤੂਤੀ ਬੋਲਣ ਲੱਗ ਪਈ। ਸਮੁੰਦਰੋਂ ਪਾਰ ਇਡੋਨੇਸ਼ੀਆ ਦੇਸ਼ ਵਿੱਚ ਭਲਵਾਨੀ ਦੀ ਇਹ ਤੂਤੀ ਇੱਕ ਭਰਾ ਦੇ ਵਿਆਹ ਦੇ ਵਾਜਿਆਂ ਵਿੱਚ ਕਦੋਂ ਬਦਲ ਗਈ ਪਤਾ ਹੀ ਨਾ ਲੱਗਾ। ਭਲਵਾਨੀ ਦੇ ਸ਼ੌਂਕ ਨੇ ਪਿੰਡ ਚੋਣਿਆਂ ਦੇ ਦੋ ਗਰੀਬ ਨੌਜਵਾਨਾਂ ਦੀ ਤਕਦੀਰ ਅਜਿਹੀ ਬਦਲੀ ਕਿ ਉਹ ਆਪਣੇ ਇਲਾਕੇ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਪਿੰਡ ਚੋਣੇ ਦੀ ਇਹ ਕੋਠੀ ਉਨ੍ਹਾਂ ਭਲਵਾਨ ਭਰਾਵਾਂ ਦੀ ਅਮੀਰੀ ਤੇ ਤਰੱਕੀ ਨੂੰ ਅੱਜ ਵੀ ਬਿਆਨ ਕਰ ਰਹੀ ਹੈ।

image credit: Inderjeet Singh Harpura

ਵਾਕਿਆ ਸੰਨ 1890 ਦੇ ਦਹਾਕੇ ਦਾ ਹੈ। ਉਸ ਸਮੇਂ ਪੰਜਾਬ ਵਿਚ ਬਰਤਾਨੀਆ ਹਕੂਮਤ ਦਾ ਰਾਜ ਸੀ। ਬਟਾਲੇ ਤੋਂ ਕਰੀਬ 20 ਕਿਲੋਮੀਟਰ ਦੂਰ ਪੈਂਦੇ ਪਿੰਡ ਚੋਣੇ ਦੇ ਨੌਜਵਾਨਾਂ ਵਿੱਚ ਭਲਵਾਨੀ ਦਾ ਬਹੁਤ ਸ਼ੌਂਕ ਸੀ। ਪਿੰਡ ਦੇ ਇੱਕ ਸਧਾਰਨ ਜ਼ਿਮੀਦਾਰ ਪਰਿਵਾਰ ਵਿੱਚ ਪੈਦਾ ਹੋਏ ਦੋ ਭਰਾਵਾਂ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਵੀ ਭਲਵਾਨੀ ਨਾਲ ਬੜਾ ਮੋਹ ਸੀ। ਇਨ੍ਹਾਂ ਦੋਵਾਂ ਭਰਾਵਾਂ ਨੇ ਸਾਰਾ ਦਿਨ ਪਿੰਡ ਵਿੱਚ ਪਸ਼ੂ ਚਾਰਦੇ ਰਹਿਣਾ ਅਤੇ ਸ਼ਾਮ ਨੂੰ ਪਿੰਡ ਵਿੱਚ ਆਪਣੇ ਲੰਗੋਟੀਏ ਯਾਰਾਂ ਨਾਲ ਘੋਲ-ਕੁਸ਼ਤੀਆਂ ਕਰਨੀਆਂ। ਘਰ ਦਾ ਖੁੱਲਾ ਦੁੱਧ ਘਿਓ ਹੋਣ ਕਕਰੇ ਇਹ ਦੋਵੇਂ ਭਰਾ ਸਰੀਰੋਂ ਤਕੜੇ ਹੋ ਗਏ ਅਤੇ ਇਲਾਕੇ ਦੇ ਸਾਰੇ ਭਲਵਾਨਾਂ ਦੀਆਂ ਇਨ੍ਹਾਂ ਨੇ ਪਿੱਠਾਂ ਲਵਾ ਦਿੱਤੀਆਂ।

ਭਲਵਾਨੀ ਵਿੱਚ ਹਾਕਮ ਤੇ ਗੁਰਦਿੱਤ ਦੀ ਚੜ੍ਹਤ ਇਨ੍ਹਾਂ ਨੂੰ ਕਲਕੱਤੇ ਤੱਕ ਲੈ ਗਈ। ਬੰਗਾਲ ਦੀ ਧਰਤੀ ’ਤੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਭਲਵਾਨੀ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਕੁਝ ਗੋਰਿਆਂ ਦੀ ਇਨ੍ਹਾਂ ਉੱਪਰ ਨਜ਼ਰ ਪੈ ਗਈ। ਇਹ ਦੋਵੇਂ ਭਰਾ ਇੱਕ ਕੁਸ਼ਤੀ ਕਲੱਬ ਵਲੋਂ ਇੰਡੋਨੇਸ਼ੀਆ ਵਿਖੇ ਭਲਵਾਨੀ ਕਰਨ ਲਈ ਚਲੇ ਗਏ। ਵਿਦੇਸ਼ੀ ਧਰਤੀ ਉੱਪਰ ਵੀ ਪਿੰਡ ਚੋਣਿਆਂ ਦੇ ਇਨ੍ਹਾਂ ਨੌਜਵਾਨਾਂ ਨੇ ਆਪਣੇ ਪੱਟਾਂ ਦਾ ਜ਼ੋਰ ਪੂਰੀ ਦੁਨੀਆਂ ਨੂੰ ਦਿਖਾ ਦਿੱਤਾ। ਇੰਡੋਨੇਸ਼ੀਆ ਵਿੱਚ ਭਲਵਾਨੀ ਤੋਂ ਇਨ੍ਹਾਂ ਨੌਜਵਾਨਾਂ ਨੂੰ ਕਾਫੀ ਇਨਾਮ ਮਿਲੇ। ਦਿਨਾਂ ਵਿੱਚ ਹੀ ਇੰਡੋਨੇਸ਼ੀਆ ਵਿਖੇ ਚਾਰੇ ਪਾਸੇ ਇਨ੍ਹਾਂ ਪੰਜਾਬੀ ਭਲਵਾਨਾਂ ਦੀ ਚਰਚਾ ਹੋਣ ਲੱਗ ਪਈ। ਇਨ੍ਹਾਂ ਦੋਵਾਂ ਭਰਾਵਾਂ ਵਿਚੋਂ ਇੱਕ ਭਰਾ ਦਾ ਵਿਆਹ ਇੰਡੋਨੇਸ਼ੀਆ ਦੇ ਇੱਕ ਅਮੀਰ ਪੰਜਾਬੀ ਪਰਿਵਾਰ ਦੀ ਇਕਲੌਤੀ ਲੜਕੀ ਨਾਲ ਹੋ ਗਿਆ। ਉਹ ਪਰਿਵਾਰ ਬਹੁਤ ਅਮੀਰ ਸੀ। ਇਸ ਵਿਆਹ ਨੇ ਭਲਵਾਨ ਭਰਾਵਾਂ ਦੀ ਜ਼ਿੰਦਗੀ ਵਿੱਚ ਅਜਿਹਾ ਪਲਟਾ ਲਿਆਂਦਾ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।

image credit: Inderjeet Singh Harpura

ਕੁਝ ਸਾਲ ਬੀਤੇ ਕਿ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਬਹੁਤ ਅਮੀਰ ਹੋ ਗਏ। ਉਸ ਸਮੇਂ ਇੰਡੋਨੇਸ਼ੀਆ ਦੇ ਸ਼ਹਿਰ ਮੇਦਾਨ ਵਿੱਚ ਕੋਈ 16 ਸਿਨੇਮੇ ਸਨ ਜਿਨ੍ਹਾਂ ਵਿੱਚ 14 ਸਿਨੇਮਿਆਂ ਦੇ ਮਾਲਕ ਇਹ ਭਲਵਾਨ ਭਰਾ ਬਣ ਗਏ ਸਨ। ਕੁਝ ਹੀ ਸਾਲਾਂ ਵਿੱਚ ਇਹ ਭਰਾ ਬਹੁਤ ਅਮੀਰ ਹੋ ਗਏ।

ਇੰਡੋਨੇਸ਼ੀਆ ਵਿਖੇ ਤਰੱਕੀ ਕਰਨ ਤੋਂ ਬਾਅਦ 1900 ਦੇ ਪਹਿਲੇ ਦਹਾਕੇ ਇਹ ਦੋਵੇਂ ਭਰਾ ਵਾਪਸ ਆਪਣੇ ਪਿੰਡ ਚੋਣੇ ਆਏ। ਪਿੰਡ ਦੇ ਕੱਚੇ ਘਰ ਦੀ ਹਾਲਤ ਬਹੁਤ ਮਾੜੀ ਸੀ। ਦੂਜੇ ਭਰਾ ਦੇ ਵਿਆਹ ਦੀ ਗੱਲ ਚੱਲੀ ਤਾਂ ਘਰ-ਘਾਟ ਦੇਖ ਕੇ ਰਿਸ਼ਤਾ ਨਾ ਹੋਵੇ। ਕੁਝ ਸ਼ਰੀਕਾਂ ਨੇ ਇਸ ਗੱਲ ਦਾ ਤਾਹਨਾ ਵੀ ਮਾਰਿਆ ਕਿ ਤੁਹਾਡੇ ਕੋਲ ਕੁੱਲੀ-ਜੁਲੀ ਤਾਂ ਹੈ ਨਹੀਂ, ਤੁਹਾਡੇ ਨਾਲ ਕਿਸ ਨੇ ਆਪਣੀ ਧੀ ਵਿਆਹੁਣੀ। ਹਾਕਮ ਸਿੰਘ ਤੇ ਗੁਰਦਿੱਤ ਸਿੰਘ ਨੂੰ ਸ਼ਰੀਕਾਂ ਦਾ ਇਹ ਬੋਲ ਬਹੁਤ ਚੁੱਭਿਆ। ਉਨ੍ਹਾਂ ਦੋਵਾਂ ਭਰਾਵਾਂ ਨੇ ਪਿੰਡ ਵਿੱਚ ਅਜਿਹੀ ਕੋਠੀ ਬਣਾਉਣ ਦੀ ਸੋਚੀ ਜਿਸ ਵਰਗੀ ਪੂਰੇ ਇਲਾਕੇ ਵਿੱਚ ਕੋਈ ਹੋਰ ਕੋਠੀ ਨਾ ਹੋਵੇ।

ਦੋਵਾਂ ਭਰਾਵਾਂ ਕੋਲ ਦੌਲਤ ਬੇਸ਼ੁਮਾਰ ਸੀ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਿੰਡ ਵਿੱਚ 150 ਏਕੜ ਦੇ ਕਰੀਬ ਜ਼ਮੀਨ ਖਰੀਦੀ। ਪਿੰਡ ਚੋਣੇ ਵਿੱਚ ਕੋਠੀ ਬਣਾਉਣ ਲਈ ਦੋ ਨਿੱਕੇ ਭੱਠੇ ਲਗਾਏ ਗਏ। ਕਹਿੰਦੇ ਹਨ ਕਿ ਕੋਠੀ ਇਨ੍ਹੀ ਵੱਡੀ ਬਣਾਈ ਗਈ ਕਿ ਇਸ ਉੱਪਰ ਲੱਖਾਂ ਵਿੱਚ ਇੱਟ ਹੀ ਲੱਗ ਗਈ।

ਇਸ ਕੋਠੀ ਦਾ ਡਿਜ਼ਾਇਨ ਉਸ ਸਮੇਂ ਦੇ ਮਸ਼ਹੂਰ ਮੁਸਲਮਾਨ ਆਰਕੀਟੈਕਟ ਤੋਂ ਬਣਾਇਆ ਗਿਆ ਅਤੇ ਕੋਠੀ ਨੂੰ ਬਣਾਉਣ ਲਈ ਵੀ ਮੁਲਮਾਨ ਰਾਜ ਮਿਸਤਰੀਆਂ ਨੂੰ ਬੁਲਾਇਆ ਗਿਆ। ਜਦੋਂ ਕੋਠੀ ਦਾ ਕੰਮ ਸ਼ੁਰੂ ਹੋਇਆ ਤਾਂ ਬਟਾਲਾ ਸ਼ਹਿਰ ਤੋਂ ਲੋਹੇ ਦੇ ਗਾਡਰ ਤੇ ਸਰੀਏ ਦੇ ਗੱਡੇ ਭਰ-ਭਰ ਕੇ ਪਿੰਡ ਚੋਣੇ ਵਿਖੇ ਆਉਣ ਲੱਗੇ। ਇਨਾ ਲੋਹਾ ਇਸ ਕੋਠੀ ਉੱਪਰ ਲੱਗਾ ਕਿ ਬਟਾਲਾ ਸ਼ਹਿਰ ਦੀਆਂ ਲੋਹੇ ਦੀਆਂ ਦੁਕਾਨਾਂ ’ਚੋਂ ਲੋਹਾ ਮੁੱਕ ਗਿਆ। ਬਟਾਲੇ ਦੇ ਕਈ ਲੋਕ ਉਚੇਚੇ ਤੌਰ ’ਤੇ ਪਿੰਡ ਚੋਣੇ ਇਹ ਦੇਖਣ ਪਹੁੰਚੇ ਕਿ ਆਖਰ ਓਥੇ ਬਣ ਕੀ ਰਿਹਾ ਹੈ..?

ਆਖਰ ਜਦੋਂ 3 ਮੰਜ਼ਿਲਾਂ ਅਤੇ ਉੱਚੇ ਮੀਨਾਰਾਂ ਵਾਲੀ ਇਹ ਕੋਠੀ ਬਣ ਕੇ ਤਿਆਰ ਹੋਈ ਤਾਂ ਪਹਿਲੀ ਵਾਰ ਏਨੀ ਵੱਡੀ ਇਮਾਰਤ ਦੇਖ ਕੇ ਪਿੰਡ ਵਾਲਿਆਂ ਦੇ ਨਾਲ ਇਲਾਕੇ ਦੇ ਲੋਕ ਹੈਰਾਨ ਹੋ ਗਏ। ਭਲਵਾਨ ਭਰਾਵਾਂ ਨੇ ਸ਼ਰੀਕਾਂ ਵਲੋਂ ਕੁੱਲੀ-ਜੁੱਲੀ ਦੇ ਮਾਰੇ ਬੋਲਾਂ ਨੂੰ ਪੁਗਾ ਕੇ ਦਿਖਾ ਦਿੱਤਾ।

image credit: Inderjeet Singh Harpura

ਇਸ ਕੋਠੀ ਦੀ ਭਵਨ ਨਿਰਮਾਣ ਕਲਾ ਏਨੇ ਉੱਚ ਦਰਜ਼ੇ ਦੀ ਹੈ ਕਿ ਅੱਜ ਦੀਆਂ ਇਮਾਰਤਾਂ ਵੀ ਇਸਦਾ ਮੁਕਾਬਲਾ ਨਹੀਂ ਕਰਦੀਆਂ। ਕੋਠੀ ਦੇ ਫਰਸ਼, ਦੀਵਾਰਾਂ, ਬੂਹੇ ਬਾਰੀਆਂ ਸਾਰਾ ਕੁਝ ਏਨ੍ਹਾਂ ਕਮਾਲ ਦਾ ਹੈ ਕਿ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਕੋਠੀ ਦੇ ਬਾਹਰ ਇੱਕ ਖੂਹ ਵੀ ਖੁਦਵਾਇਆ ਗਿਆ। ਪਿੰਡ ਵਾਲੇ ਦੱਸਦੇ ਹਨ ਕਿ ਕੋਠੀ ਦੇ ਮੀਨਾਰਾਂ ਉੱਪਰ ਸੋਨਾ ਲਗਾਇਆ ਗਿਆ ਸੀ। ਇਸ ਕੋਠੀ ਦਾ ਡਿਜ਼ਾਇਨ ਬਹੁਤ ਕਮਾਲ ਦਾ ਹੈ।

ਸ਼ਰੀਕਾਂ ਦੇ ਬੋਲ ਪੁਗਾਉਣ ਤੋਂ ਬਾਅਦ ਅਤੇ ਛੋਟੇ ਦਾ ਵਿਆਹ ਕਰਨ ਤੋਂ ਬਾਅਦ ਇਹ ਭਲਵਾਨ ਭਰਾ ਕੁਝ ਸਾਲ ਇਸ ਕੋਠੀ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਇੰਡੋਨੇਸ਼ੀਆ ਚਲੇ ਗਏ। ਓਥੇ ਇਨ੍ਹਾਂ ਦਾ ਕਾਰੋਬਾਰ ਬਹੁਤ ਵਧੀਆ ਸੀ। ਕੁਝ ਸਾਲਾਂ ਪਿਛੋਂ ਭਲਵਾਨਾਂ ਦਾ ਇੱਕ ਲੜਕਾ ਬਲਵਿੰਦਰ ਸਿੰਘ ਬਿੱਲੂ ਇਸ ਕੋਠੀ ਵਿੱਚ ਆ ਕੇ ਰਹਿੰਦਾ ਰਿਹਾ। ਪਿੰਡ ਵਾਲੇ ਦੱਸਦੇ ਹਨ ਭਲਵਾਨਾਂ ਦੇ ਵਾਰਸਾਂ ਨੇ ਹੌਲੀ-ਹੌਲੀ ਪਿੰਡ ਦੀ ਜ਼ਮੀਨ ਵੇਚ ਦਿੱਤੀ ਅਤੇ ਕੋਠੀ ਦਾ ਵੀ ਵੱਡਾ ਹਿੱਸਾ ਢਾਹ ਕੇ ਵੇਚ ਦਿੱਤਾ। 1970 ਦੇ ਦਹਾਕੇ ਤੋਂ ਬਾਅਦ ਇਹ ਕੋਠੀ ਵੀਰਾਨ ਹੋ ਗਈ ਹੈ।

ਹੁਣ ਆਲਮ ਇਹ ਹੈ ਕਿ ਇਸ ਕੋਠੀ ਦਾ ਤਿੰਨ ਮੰਜ਼ਿਲਾਂ ਢਾਂਚਾ ਤਾਂ ਅਜੇ ਵੀ ਖੜ੍ਹਾ ਹੈ ਪਰ ਇਸਦੇ ਬੂਹੇ ਬਾਰੀਆਂ ਅਤੇ ਗਰਿੱਲਾਂ ਲੋਕਾਂ ਵਲੋਂ ਲਾਹ ਲਈਆਂ ਗਈਆਂ ਹਨ। ਇਹ ਕੋਠੀ ਖੁੱਲੀ ਹੈ ਅਤੇ ਬਹੁਤ ਸਾਰੇ ਲੋਕ ਇਸਨੂੰ ਦੇਖਣ ਲਈ ਜਾਂਦੇ ਹਨ। ਭਾਂਵੇ ਕਿ ਦਹਾਕਿਆਂ ਤੋਂ ਵੀਰਾਨ ਪਈ ਹੋਣ ਕਰਕੇ ਇਸਨੂੰ ਕਾਫੀ ਨੁਕਸਾਨ ਪੁੱਜਾ ਹੈ ਪਰ ਅਜੇ ਵੀ ਇਸ ਕੋਠੀ ਦੀ ਬਣਤਰ ਅਤੇ ਇਮਾਰਤਸਾਜ਼ੀ ਹੈਰਾਨ ਕਰਨ ਵਾਲੀ ਹੈ। ਇਸ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਿਲ ’ਤੇ ਚੜ ਕੇ ਸਾਰਾ ਇਲਾਕਾ ਦੇਖਿਆ ਜਾ ਸਕਦਾ ਹੈ।

ਕਹਿੰਦੇ ਹਨ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਪਰਿਵਾਰ ਇੰਡੋਨੇਸ਼ੀਆ ਤੋਂ ਅੱਗੇ ਹੋਰ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਕਦੀ-ਕਦੀ ਇਸ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਦੇ ਲੋਕ ਪਿੰਡ ਚੋਣੇ ਆਉਂਦੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਸ਼ਾਨਦਾਰ ਕੋਠੀ ਅੱਗੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਨ।

ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਇਸ ਵਾਂਗ ਹੀ ਦਿਲਚਸਪ ਹੈ ਅਤੇ ਇਹ ਦੋ ਭਰਾਵਾਂ ਦੀ ਤਰੱਕੀ ਦੀ ਕਹਾਣੀ ਹੈ। ਚੰਗਾ ਹੁੰਦਾ ਜੇ ਪਿੰਡ ਚੋਣੇ ਦੇ ਵਾਸੀ ਇਸ ਕੋਠੀ ਦੀ ਸੰਭਾਲ ਕਰ ਲੈਂਦੇ। ਕਈ ਕਿਲੋਮੀਟਰ ਦੂਰੋਂ ਹੀ ਦਿਖਾਈ ਦੇਣ ਵਾਲੀ ਇਸ ਕੋਠੀ ਦੀ ਸੁੰਦਰਤਾ ਤੇ ਵਿਸ਼ਾਲਤਾ ਅੱਜ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਕਦੀ ਮੌਕਾ ਲੱਗੇ ਤਾਂ ਤੁਸੀਂ ਵੀ ਇਸ ਕੋਠੀ ਨੂੰ ਦੇਖ ਕੇ ਆਇਓ, ਤੁਹਾਨੂੰ ਵੀ ਚੰਗਾ ਲੱਗੇਗਾ।

 

Scroll to Top