ਹੁਸ਼ਿਆਰਪੁਰ, 17 ਅਪ੍ਰੈਲ 2023: ਪੰਜਾਬ ਦੇ ਕੈਬਿਨਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ ਬਣੇ ਨਵੇਂ ਕੋਰਟ ਕੰਪਲੈਕਸ ਨਾਲ ਵਕੀਲਾਂ (lawyers) ਦੇ ਕੰਮਕਾਜ਼ ਵਿਚ ਕਾਫ਼ੀ ਵਧੀਆ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਕੋਰਟ ਕੰਪਲੈਕਸ ਦੇ ਨਿਰਮਾਣ ਨਾਲ ਹੁਸ਼ਿਆਰਪੁਰ ਵਾਸੀਆਂ ਦਾ ਜਿਥੇ ਮਾਣ ਵਧਿਆ ਹੈ, ਉਥੇ ਵਕੀਲਾਂ ਅਤੇ ਲੋਕਾਂ ਨੂੰ ਪੁਰਾਣੇ ਕੋਰਟ ਕੰਪਲੈਕਸ ਵਿਚ ਆਏ ਦਿਨ ਆਉਣ ਵਾਲੀਆਂ ਦਿੱਕਤਾਂ ਤੋਂ ਨਿਜ਼ਾਤ ਮਿਲੀ ਹੈ।
ਉਹ ਅੱਜ ਨਵੇਂ ਕੋਰਟ ਕੰਪਲੈਕਸ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਸਮਾਰੋਹ ਦੌਰਾਨ ਵਕੀਲਾਂ ਦੇ ਨਵੇਂ ਚੈਂਬਰਾਂ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਐਡਵੋਕੇਟ ਇੰਦਰਪਾਲ ਸਿੰਘ ਧੰਨਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਰ. ਪੀ ਧੀਰ ਤੋਂ ਇਲਾਵਾ ਹੋਰ ਜੁਡੀਸ਼ੀਅਲ ਅਧਿਕਾਰੀ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਭਵਨ ਦੇ ਨਿਰਮਾਣ ਨਾਲ ਵਕੀਲਾਂ (lawyers) ਦੀ ਕਾਰਜ ਕੁਸ਼ਲਤਾ ਵਿਚ ਨਿਖ਼ਾਰ ਆਵੇਗਾ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਵਧੇਗੀ, ਜਿਸ ਦਾ ਬਿਨਾਂ ਸੰਕੋਚ ਵਕੀਲਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਕਾਫ਼ੀ ਲਾਭ ਪਹੁੰਚੇਗਾ। ਉਨ੍ਹਾਂ ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਸੁਣਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਮੰਗ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 60.28 ਕਰੋੜ ਰੁਪਏ ਦੀ ਲਾਗਤ ਨਾਲ 14 ਏਕੜ 10 ਮਰਲੇ ਏਰੀਏ ਵਿਚ ਬਣਾਈ 6 ਲਿਫਟਾਂ ਵਾਲੇ ਇਸ ਪੰਜ ਮੰਜ਼ਿਲਾ ਕੰਪਲੈਕਸ ਵਿਚ 17 ਕੋਰਟ ਰੂਮ, ਇਕ ਬੱਚਿਆਂ ਦਾ ਕੋਰਟ ਰੂਮ, ਇਕ ਏ. ਡੀ. ਆਰ ਸੈਂਟਰ, ਜੁਡੀਸ਼ੀਅਲ ਸੇਵਾ ਕੇਂਦਰ, ਵਕੀਲਾਂ ਲਈ ਬਾਰ ਰੂਮ ਅਤੇ ਲਾਇਬ੍ਰੇਰੀ ਦੀ ਵਿਸ਼ੇਸ਼ ਵਿਵਸਥਾ ਹੈ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ, ਜਨਰਲ ਸਕੱਤਰ ਐਡਵੋਕੇਟ ਡੀ. ਐਸ ਗਰੇਵਾਲ, ਐਡਵੋਕੇਟ ਅਮਰਜੋਤ ਸਿੰਘ ਸੈਣੀ, ਐਡਵੋਕੇਟ ਵਿਸ਼ਾਲ ਨੰਦਾ, ਐਡਵੋਕੇਟ ਅਮਿਤ ਠਾਕੁਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।