ਚੰਡੀਗੜ੍ਹ, 04 ਅਕਤੂਬਰ 2024: ਪੱਛਮੀ ਏਸ਼ੀਆ (West Asia) ‘ਚ ਵਧਦੇ ਸੰਕਟ ਦਾ ਅਸਰ ਵਿਸ਼ਵ ਪੱਧਰ ‘ਤੇ ਦਿਖਾਈ ਦੇਣ ਲੱਗਾ ਹੈ | ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸੁਰੱਖਿਆ ਮਾਮਲਿਆਂ ‘ਤੇ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ | ਇਸ ਬੈਠਕ ਦੌਰਾਨ ਪੱਛਮੀ ਏਸ਼ੀਆ ‘ਚ ਸੰਕਟ ਅਤੇ ਭਾਰਤ ‘ਤੇ ਇਸ ਦੇ ਸੰਭਾਵਿਤ ਪ੍ਰਭਾਵਾਂ ‘ਤੇ ਚਰਚਾ ਕੀਤੀ ਗਈ ਹੈ |
ਜਿਕਰਯੋਗ ਹੈ ਕਿ ਪੱਛਮੀ ਏਸ਼ੀਆ ‘ਚ ਵਧਦੇ ਸੰਕਟ ਦਾ ਅਸਰ ਭਾਰਤ ‘ਤੇ ਵੀ ਪੈ ਸਕਦਾ ਹੈ। ਜੇਕਰ ਇਹ ਸੰਕਟ ਜ਼ਿਆਦਾ ਦਿਨ ਚੱਲਿਆ ਤਾਂ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ਵਧ ਸਕਦੀਆਂ ਹਨ | ਜਿਸਦਾ ਸਿੱਧਾ ਅਸਰ ਭਾਰਤੀ ਸਰਕਰੀ ਖਜ਼ਾਨੇ ‘ਤੇ ਪਵੇਗਾ |
ਹਾਲ ਹੀ ‘ਚ ਇਰਾਨ ਸਮਰਥਿਤ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਇਜ਼ਰਾਈਲੀ ਹਵਾਈ ਹਮਲੇ ‘ਚ ਮਾਰਿਆ ਗਿਆ ਸੀ। ਇਸ ਦੇ ਜਵਾਬ ‘ਚ ਈਰਾਨ ਨੇ ਪਿਛਲੇ ਮੰਗਲਵਾਰ ਨੂੰ ਇਜ਼ਰਾਈਲ ‘ਤੇ ਮਿਜ਼ਾਈਲਾਂ ਅਤੇ ਰਾਕੇਟਾਂ ਨਾਲ ਹਮਲਾ ਕੀਤਾ ਸੀ। ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ।
ਇਸ ਦੌਰਾਨ ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਹੈ ਕਿ ਇਜ਼ਰਾਈਲ ਈਰਾਨ ਦੇ ਤੇਲ ਠਿਕਾਣਿਆਂ ‘ਤੇ ਹਮਲਾ ਕਰ ਸਕਦਾ ਹੈ। ਇਸ ਤੋਂ ਬਾਅਦ ਦੁਨੀਆ ਭਰ ‘ਚ ਤੇਲ ਦੀਆਂ ਕੀਮਤਾਂ ਵਧਣ ਦਾ ਡਰ ਬਣਿਆ ਹੋਇਆ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ‘ਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ।
ਦਰਅਸਲ, ਭਾਰਤ ਆਪਣੀ ਤੇਲ ਜ਼ਰੂਰਤਾਂ ਦਾ 85 ਫੀਸਦੀ ਤੋਂ ਵੱਧ ਦਰਾਮਦ ਕਰਦਾ ਹੈ। ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਵਿੱਤੀ ਸਾਲ 2023-24 ‘ਚ 2 ਕਰੋੜ 94 ਲੱਖ ਟਨ ਕੱਚੇ ਤੇਲ ਦਾ ਉਤਪਾਦਨ ਕੀਤਾ ਹੈ ।
ਇਸ ਦੇ ਲਈ ਭਾਰਤ ਸਰਕਾਰ ਨੇ ਲਗਭਗ 132.4 ਬਿਲੀਅਨ ਡਾਲਰ ਦੀ ਵੱਡੀ ਰਕਮ ਅਦਾ ਕੀਤੀ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ। ਇਹੀ ਕਾਰਨ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਭਾਰਤ ਦੇ ਖਜ਼ਾਨੇ ‘ਤੇ ਮਾੜਾ ਅਸਰ ਪਵੇਗਾ ਅਤੇ ਸਰਕਾਰ ਦਾ ਬਜਟ ਖਰਾਬ ਹੋਣ ਦਾ ਖਦਸ਼ਾ ਹੈ। ਪੱਛਮੀ ਏਸ਼ੀਆ (West Asia) ਦੀ ਸਥਿਤੀ ਨੂੰ ਦੇਖਦੇ ਹੋਏ ਮੌਜੂਦਾ ਸੰਕਟ ਦੇ ਲੰਬੇ ਹੋਣ ਦਾ ਡਰ ਹੈ। ਜਿਸ ਕਾਰਨ ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਦਾ ਚਿੰਤਾ ‘ਚ ਰਹਿਣਾ ਸੁਭਾਵਿਕ ਹੈ।