ਬਲਾਚੌਰ 20 ਮਈ 2024 : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ (Dr. Subhash Sharma) ਨੇ ਅੱਜ ਬਲਾਚੌਰ ਵਿੱਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਡਾ: ਸੁਭਾਸ਼ ਸ਼ਰਮਾ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਭ ਤੋਂ ਅਹਿਮ ਮੁੱਦਾ ਉਠਾਉਂਦਿਆਂ ਕਿਹਾ ਕਿ ਸਾਡੇ ਹਲਕੇ ਦੇ ਸੈਂਕੜੇ ਨੌਜਵਾਨ ਕਪਾਹ ਉਦਯੋਗ ਵਿੱਚ ਕੰਮ ਕਰਨ ਲਈ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਜਾਂਦੇ ਹਨ।
ਛੋਟੀ ਉਮਰ ਵਿੱਚ ਘਰ ਤੋਂ ਦੂਰ ਜਾਣਾ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਿਲਾਂ ਵਿਚ ਪਾ ਦਿੰਦਾ ਹੈ। ਡਾ.ਸ਼ਰਮਾ ਨੇ ਐਤਵਾਰ ਨੂੰ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਉਹ ਇੱਥੇ ਕਪਾਹ ਉਦਯੋਗ ਨਾਲ ਸਬੰਧਤ ਇਕ ਵੱਡਾ ਪ੍ਰੋਜੈਕਟ ਲੈ ਕੇ ਆਉਣਗੇ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰੁਜ਼ਗਾਰ ਮਿਲ ਸਕੇ।
ਉਹਨਾਂ (Dr. Subhash Sharma) ਕਿਹਾ ਇਸ ਦੇ ਲਈ ਜੇ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ 100 ਚੱਕਰ ਵੀ ਲਾਣੇ ਪੈਣ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ ਤੇ ਪ੍ਰੋਜੈਕਟ ਜ਼ਰੂਰ ਲੇਕਰ ਆਉਣਗੇ ।ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਿਰਫ ਪ੍ਰੋਜੈਕਟ ਹੀ ਨਹੀਂ, ਮੈਂ ਮੋਦੀ ਸਰਕਾਰ ਨੂੰ ਇੱਥੇ ਇੱਕ ਹੁਨਰ ਕੇਂਦਰ ਸਥਾਪਤ ਕਰਨ ਦੀ ਵੀ ਬੇਨਤੀ ਕਰਾਂਗਾ ਤਾਂ ਜੋ ਨੌਜਵਾਨਾਂ ਨੂੰ ਕਪਾਹ ਉਦਯੋਗ ਨਾਲ ਸਬੰਧਤ ਹਰ ਤਕਨੀਕ ਦਾ ਗਿਆਨ ਹੋ ਸਕੇ। ਜਦੋਂ ਸਾਡੇ ਨੌਜਵਾਨਾਂ ਨੂੰ ਤਕਨਾਲੋਜੀ ਦਾ ਗਿਆਨ ਹੋਵੇਗਾ ਤਾਂ ਉਹ ਚੰਗੀ ਤਨਖਾਹ ਕਮਾ ਸਕਣਗੇ ਅਤੇ ਲੋੜ ਪੈਣ ‘ਤੇ ਹੁਨਰਮੰਦ ਨੌਜਵਾਨ ਆਪਣੇ ਉਦਯੋਗ ਵੀ ਸਥਾਪਿਤ ਕਰ ਸਕਣਗੇ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਨਾ ਦੇਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਊਸ਼ਾਲਾਂ ਦਾ ਪ੍ਰਬੰਧ ਸਹੀ ਢੰਗ ਨਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਗਊ ਰੱਖਿਆ ਲਈ ਗਊਸ਼ਾਲਾਂ ਵਿੱਚ ਬਿਜਲੀ, ਸ਼ੈੱਡ, ਪਿੜ, ਚਾਰਾ ਆਦਿ ਵਰਗੀਆਂ ਲੋੜੀਂਦੀਆਂ ਸਹੂਲਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਡਾ: ਸ਼ਰਮਾ ਨੇ ਕਿਹਾ ਕਿ ਮੈਂ ਸੰਸਦ ਮੈਂਬਰ ਬਣਨ ਤੋਂ ਬਾਅਦ ਗਊਆਂ ਦੇ ਰੱਖ-ਰਖਾਅ ਲਈ ਹਰ ਸਾਲ ਆਪਣੇ ਸੰਸਦੀ ਫੰਡ ਵਿੱਚੋਂ ਵੱਡੀ ਰਕਮ ਜਾਰੀ ਕਰਾਂਗਾ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਜਿਸ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਊਆਂ ਦੀ ਸੰਭਾਲ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ।
ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਪੋਜੇਵਾਲ, ਮਾਲੇਵਾਲ, ਕਾਠਗੜ੍ਹ, ਬੇਗੋਵਾਲ ਆਦਿ ਦਾ ਤੂਫ਼ਾਨੀ ਚੋਣ ਦੌਰਾ ਕੀਤਾ, ਜਿਸ ਵਿੱਚ ਮੋਦੀ ਪ੍ਰਤੀ ਸਥਾਨਕ ਲੋਕਾਂ ਦਾ ਸਮਰਥਨ ਸਾਫ਼ ਨਜ਼ਰ ਆ ਰਿਹਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਸਮਰਥਕ ਅਤੇ ਆਗੂ ਵੀ ਹਾਜ਼ਰ ਸਨ।