ਚੰਡੀਗੜ੍ਹ, 31 ਮਈ 2024: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ (Donald Trump) ਨੂੰ ਵੱਡਾ ਝਟਕਾ ਲੱਗਾ ਹੈ। ਆਪਣੇ ਸੰਬੰਧਾਂ ਨੂੰ ਲੁਕਾਉਣ ਲਈ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦੇ ਹਸ਼ ਮਨੀ ਸਕੈਂਡਲ (Hush Money Scandal) ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਨਿਊਯਾਰਕ ਦੀ ਇਕ ਅਦਾਲਤ ਨੇ ਟਰੰਪ ‘ਤੇ ਲਗਾਏ ਗਏ ਦੋਸ਼ਾਂ ਨੂੰ ਬਰਕਰਾਰ ਰੱਖਿਆ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਨੂੰ ਸਾਰੇ 34 ਗੰਭੀਰ ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ।
ਹੁਸ਼ ਮਨੀ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠਿਆ ਹੈ ਕਿ ਕੀ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਲੜ ਸਕਣਗੇ ? ਇਸ ਦੇ ਨਾਲ ਹੀ ਦੂਜਾ ਸਵਾਲ ਇਹ ਹੈ ਕਿ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਟਰੰਪ ਨੂੰ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਹੈ?
ਦਰਅਸਲ, ਅਮਰੀਕੀ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ, ਟਰੰਪ (Donald Trump) ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਰਾਸ਼ਟਰਪਤੀ ਚੋਣ ਲੜ ਸਕਦੇ ਹਨ। ਉਹ ਇਸ ਫੈਸਲੇ ਖਿਲਾਫ ਹਾਈਕੋਰਟ ਵਿੱਚ ਵੀ ਅਪੀਲ ਕਰ ਸਕਦੇ ਹਨ। ਅਮਰੀਕੀ ਸੰਵਿਧਾਨ ਦੇ ਨਿਯਮਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਦੀ ਉਮਰ ਘੱਟੋ-ਘੱਟ 35 ਸਾਲ ਹੋਣੀ ਚਾਹੀਦੀ ਹੈ ਅਤੇ ਕੁਦਰਤੀ ਤੌਰ ‘ਤੇ ਪੈਦਾ ਹੋਇਆ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ ਜੋ 14 ਸਾਲਾਂ ਤੋਂ ਰਹਿ ਰਿਹਾ ਹੋਵੇ । ਰਾਸ਼ਟਰਪਤੀ ਟਰੰਪ ਨੂੰ ਜੇਲ੍ਹ ਦੀ ਸਜ਼ਾ ਹੁੰਦੀ ਹੈ ਤਾਂ ਵੀ ਉਨ੍ਹਾਂ ਨੂੰ 1 ਤੋਂ 4 ਸਾਲ ਦੀ ਸਜ਼ਾ ਹੋ ਸਕਦੀ ਹੈ ।
ਜੇਕਰ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਅਤੇ ਉਹ ਉਸ ਸਮੇਂ ਜੇਲ੍ਹ ਵਿੱਚ ਹਨ ਤਾਂ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਜਾ ਸਕਦੀ ਹੈ। ਟਰੰਪ ਅਮਰੀਕੀ ਇਤਿਹਾਸ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ। ਟਰੰਪ ਨੇ ਮੈਨਹਟਨ ਜ਼ਿਲ੍ਹਾ ਅਟਾਰਨੀ ਅਤੇ ਬਾਈਡਨ ਪ੍ਰਸ਼ਾਸਨ ਦੀ ਵੀ ਆਲੋਚਨਾ ਕੀਤੀ, ਕੇਸ ‘ਤੇ ਉਨ੍ਹਾਂ ਦੇ ਪ੍ਰਭਾਵ ਦੇ ਬੇਬੁਨਿਆਦ ਦਾਅਵੇ ਕੀਤੇ। ਟਰੰਪ ਦੀ ਕਾਨੂੰਨੀ ਟੀਮ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ।
ਜਿਕਰਯੋਗ ਹੈ ਕਿ ਇਸ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਚੋਣ ‘ਚ ਟਰੰਪ ਅਤੇ ਬਾਈਡਨ ਵਿਚਾਲੇ ਸਿੱਧਾ ਮੁਕਾਬਲਾ ਹੈ |