July 5, 2024 2:02 am
Zoo

ਜੰਗਲੀ ਜੀਵ ਰੱਖਾਂ ਅਤੇ ਚਿੜੀਆਘਰ ਮਨੁੱਖ ਜਾਤੀ ‘ਚ ਜੰਗਲੀ ਜੀਵਾਂ ਪ੍ਰਤੀ ਖਿੱਚ ਅਤੇ ਪਿਆਰ ਵਧਾਉਂਦੇ ਹਨ: ਲਾਲ ਚੰਦ ਕਟਾਰੂਚਕ

ਐਸ.ਏ.ਐਸ.ਨਗਰ, 4 ਅਕਤੂਬਰ, 2023: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜੰਗਲੀ ਜੀਵ ਸੈਂਕਚੁਰੀਜ਼ (ਰੱਖਾਂ) ਅਤੇ ਚਿੜੀਆਘਰ (Zoo) ਮਨੁੱਖਤਾ ਵਿੱਚ ਜੰਗਲੀ ਜੀਵਾਂ ਪ੍ਰਤੀ ਖਿੱਚ ਅਤੇ ਸਨੇਹ ਵਧਾਉਂਦੇ ਹਨ।ਅੱਜ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ, ਛੱਤ ਬੀੜ ਚਿੜੀਆਘਰ, ਜ਼ੀਰਕਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਰਾਸ਼ਟਰੀ ਜੰਗਲੀ ਜੀਵ ਹਫ਼ਤਾ 2023, ਜੋ ਕਿ 8 ਅਕਤੂਬਰ ਤੱਕ ਚੱਲੇਗਾ, ਦੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜੰਗਲਾਤ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਵਿੱਚ ਘੱਟ ਵਣ ਛਤਰੀ ਹੈ ਪਰ ਮੌਜੂਦਾ ਕਵਰੇਜ ਵਿੱਚੋਂ ਸਾਡੇ ਕੋਲ 13 ਰੱਖਾਂ ਹਨ ਜੋ 10 ਪ੍ਰਤੀਸ਼ਤ ਜੰਗਲਾਤ ਖੇਤਰ ਵਿੱਚ ਯੋਗਦਾਨ ਪਾਉਂਦੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਜੰਗਲੀ ਜੀਵਾਂ ਦੀਆਂ ਦੁਰਲੱਭ ਪ੍ਰਜਾਤੀਆਂ ਨੂੰ ਸੰਭਾਲਣ ਲਈ ਪੰਜ ਚਿੜੀਆਘਰ ਹਨ ਜਿੱਥੇ ਬਹੁਤ ਸਾਰੇ ਪੰਛੀਆਂ ਅਤੇ ਜੰਗਲੀ ਜੀਵ ਜਾਨਵਰਾਂ ਅਤੇ ਰੀਂਗਣ ਵਾਲੇ ਜੀਵਾਂ ਦੀ ਬਿਹਤਰ ਢੰਗ ਨਾਲ ਸੰਭਾਲ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਛੱਤਬੀੜ ਚਿੜੀਆਘਰ (Zoo) ਪਹਿਲੇ ਤਿੰਨ ਰਾਸ਼ਟਰੀ ਪੱਧਰ ਦੇ ਚਿੜੀਆਘਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਵਿਸ਼ਵ ਚਿੜੀਆਘਰ ਅਤੇ ਐਕੁਏਰੀਅਮਜ਼ ਐਸੋਸੀਏਸ਼ਨ ਦੁਆਰਾ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਇਸ ਚਿੜੀਆਘਰ ਵਿੱਚ 125 ਤੋਂ ਵੱਧ ਪ੍ਰਜਾਤੀਆਂ ਦੇ ਲਗਭਗ 2000 ਪੰਛੀ ਅਤੇ ਜਾਨਵਰ ਹਨ ਜੋ ਕਿ ਦੁਰਲੱਭ ਹਨ।

ਉਨ੍ਹਾਂ ਦੱਸਿਆ ਕਿ ਛੱਤਬੀੜ ਚਿੜੀਆਘਰ ਵਿੱਚ ਖੋਜ ਅਤੇ ਸਿਖਲਾਈ ਤੋਂ ਇਲਾਵਾ ਉੱਨਤ ਆਈ.ਸੀ.ਯੂ. ਅਤੇ ਬਰੀਡਿੰਗ ਸਹੂਲਤਾਂ ਵੀ ਉਪਲਬਧ ਹਨ। ਐਕਸਚੇਂਜ ਪ੍ਰੋਗਰਾਮ ਇੱਕ ਨਿਰੰਤਰ ਵਰਤਾਰਾ ਹੈ ਜਿਸ ਵਿੱਚ ਦੇਸ਼ ਦੇ ਦੂਜੇ ਚਿੜੀਆਘਰਾਂ ਨਾਲ ਦੁਰਲੱਭ ਪ੍ਰਜਾਤੀਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਸਾਲ ਕੁੱਲ 55 ਨਵੇਂ ਜੰਗਲੀ ਜਾਨਵਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਰ ਬਾਘ (ਰਾਇਲ ਬੰਗਾਲ ਟਾਈਗਰ) ਅਤੇ ਮਾਦਾ ਬਾਘ (ਟਾਈਗਰਸ), ਸਿੰਬਾ ਅਤੇ ਜੋਤੀ ਰੋਹਤਕ ਚਿੜੀਆਘਰ ਤੋਂ ਮਿਲੇ ਹਨ ਅਤੇ ਅੱਜ ਤੋਂ ਸੈਲਾਨੀਆਂ ਲਈ ਦੇਖਣ ਲਈ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚਿੜੀਆਘਰ (Zoo) ਦੇ ਬੱਚਿਆਂ ਨਾਲ ਰੁਝੇਵਿਆਂ ਨੂੰ ਵਧਾਉਣ ਲਈ ਅੱਜ 40 ਸੀਟਾਂ ਦੀ ਸਮਰੱਥਾ ਵਾਲੀ ਇਲੈਕਟ੍ਰਿਕ ਖਿਡੌਣਾ ਟਰੇਨ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਜੰਗਲੀ ਜੀਵ ਸਿਖਲਾਈ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ ਹੈ।ਮੰਤਰੀ ਨੇ ਅੱਗੇ ਦੱਸਿਆ ਕਿ ਚਿੜੀਆਘਰ ਵਿੱਚ ਸ਼ਾਂਤੀਪੂਰਨ ਕੁਦਰਤੀ ਮਾਹੌਲ ਬਣਾਈ ਰੱਖਣ ਲਈ ਪਹਿਲਾਂ ਹੀ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤਾਂ ਜੋ ਸੈਲਾਨੀ ਚਿੜੀਆਘਰ ਦੇ ਸ਼ਾਂਤਮਈ ਮਾਹੌਲ ਦਾ ਆਨੰਦ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਈਕੋ ਟੂਰਿਜ਼ਮ ਅਤੇ ਜੰਗਲੀ ਜੀਵ ਸੈਰ-ਸਪਾਟੇ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਅਜਿਹੇ ਲੁਕਵੇਂ ਸੈਰ-ਸਪਾਟਾ ਸਥਾਨਾਂ ਨੂੰ ਬਾਕੀ ਦੁਨੀਆ ਅੱਗੇ ਪ੍ਰਦਰਸ਼ਿਤ ਕਰਨ ਲਈ ਯਤਨਸ਼ੀਲ ਹਨ।

ਉਨ੍ਹਾਂ ਜੰਗਲੀ ਜੀਵ ਪ੍ਰੇਮੀ ਨਿਖਿਲ ਸੇਂਗਰ ਦੁਆਰਾ ਦਿਖਾਏ ਗਏ ਸੱਪਾਂ ਦੇ ਲਾਈਵ ਬਚਾਅ ਕਾਰਜ ਦਾ ਵੀ ਜਾਇਜ਼ਾ ਲਿਆ। ਛੱਤਬੀੜ ਚਿੜੀਆਘਰ ਤੋਂ ਪਰਮਿੰਦਰ ਸਿੰਘ ਅਤੇ ਮੇਵਾ ਸਿੰਘ ਅਤੇ ਮਿੰਨੀ ਚਿੜੀਆਘਰ ਪਟਿਆਲਾ ਤੋਂ ਦੇਵ ਨਰਾਇਣ ਬੇਲਦਾਰ ਨੂੰ ਉਨ੍ਹਾਂ ਦੀ ਡਿਊਟੀ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਪੂਰਬਾ ਡੇਕਾ ਪੁਰਸਕਾਰਾਂ ਨਾਲ ਸਨਮਾਨਿਤ ਕਰਦੇ ਹੋਏ ਜੰਗਲਾਤ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਛੱਤਬੀੜ ਚਿੜੀਆਘਰ ਵਿੱਚ ਹਾਥੀਆਂ ਦੀ ਦੇਖਭਾਲ ਕਰਨ ਵਾਲੇ ਆਸਾਮ ਮੂਲ ਦੇ ਅਪੂਰਬਾ ਡੇਕਾ ਨੂੰ ਹਮੇਸ਼ਾਂ ਇਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਰਹੇਗਾ, ਜੋ ਕਿ 26 ਸਾਲ ਦੀ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ।

ਜੰਗਲਾਤ ਮੰਤਰੀ ਨੇ 31 ਹੋਰ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਜੰਗਲੀ ਜੀਵ ਕਰਮਚਾਰੀਆਂ, ਪ੍ਰੇਮੀਆਂ ਅਤੇ ਸਕੂਲਾਂ ਨੂੰ ਜੰਗਲੀ ਜੀਵ ਰੱਖਾਂ ਅਤੇ ਚਿੜੀਆਘਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸ਼ਾਮਿਲ ਹਨ। ਇਸ ਮੌਕੇ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇੱਥੇ ਮਨਾਏ ਗਏ ਰਾਜ ਪੱਧਰੀ ਰਾਸ਼ਟਰੀ ਜੰਗਲੀ ਜੀਵ ਸਪਤਾਹ ਲਈ ਜੰਗਲਾਤ ਤੇ ਜੰਗਲੀ ਜੀਵ ਮੰਤਰੀ ਦਾ ਧੰਨਵਾਦ ਕਰਦਿਆਂ ਛੱਤਬੀੜ ਚਿੜੀਆਘਰ ਵਿਖੇ ਨਾਈਟ ਸਫਾਰੀ ਸ਼ੁਰੂ ਕਰਨ ਦੀ ਮੰਗ ਕੀਤੀ ਤਾਂ ਜੋ ਇੱਥੇ ਹੋਰ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।

ਰਾਜ ਪੱਧਰੀ ਸਮਾਗਮ ਨੂੰ ਮੁੱਖ ਜੰਗਲੀ ਜੀਵ ਵਾਰਡਨ ਧਰਮਿੰਦਰ ਸ਼ਰਮਾ ਅਤੇ ਪੰਜਾਬ ਦੇ ਪ੍ਰਧਾਨ ਮੁੱਖ ਵਣਪਾਲ ਆਰ ਕੇ ਮਿਸ਼ਰਾ ਅਤੇ ਡਾਇਰੈਕਟਰ ਫੀਲਡ ਛੱਤਬੀੜ ਚਿੜੀਆਘਰ ਕਲਪਨਾ ਕੇ. ਨੇ ਵੀ ਸੰਬੋਧਨ ਕੀਤਾ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੁਦਰਤ ਨਾਲ ਪਿਆਰ ਕਰਨ ਦੇ ਸੰਦੇਸ਼ ਦੇ ਨਾਲ ਜੰਗਲੀ ਜੀਵਾਂ ਪ੍ਰਤੀ ਚਿੰਤਾ ਨੂੰ ਦਰਸਾਉਂਦੇ ਰੰਗ-ਬਿਰੰਗੀਆਂ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ।