TheUnmute.com

ਆਖ਼ਿਰ ਕਿਉਂ ਗੂੰਜਿਆ ਵਿਧਾਨ ਸਭਾ ਸੈਸ਼ਨ ‘ਚ ਪੰਜਾਬ ਯੂਨੀਵਰਸਿਟੀ ਤੇ ਮੱਤੇਵਾੜਾ ਜੰਗਲ ਦਾ ਮੁੱਦਾ ? ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 25 ਜੂਨ 2022 : ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸੈਸ਼ਨ ‘ਚ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕੇ | ਖਹਿਰਾ ਨੇ ਕਿਹਾ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਦਾ ਸਾਥ ਦੇ ਕੇ ਮਸਲੇ ਕੀਤੇ ਜਾਣ ਤਾਂ ਜੋ ਪੰਜਾਬ ‘ਤੇ ਪਏ ਬੋਝ ਨੂੰ ਘਟਾਇਆ ਜਾ ਸਕੇ |

ਕੇਂਦਰ ਪੰਜਾਬ ਯੂਨੀਵਰਸਿਟੀ ‘ਤੇ ਡਾਕਾ ਮਰਨ ਦੀ ਕੋਸ਼ਿਸ ‘ਚ : ਖਹਿਰਾ

ਖਹਿਰਾ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦੇ ‘ਤੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਪੰਜਾਬ ‘ਚ BSF ਦਾ ਘੇਰਾ ਵਧਾਇਆ, BBMB, ਚੰਡੀਗੜ੍ਹ ਦੇ ਕਰਮਚਾਰੀਆਂ ਬਾਰੇ ਇਕ ਨੋਟਿਸ ਜਾਰੀ ਕਰਕੇ ਸਾਡੇ ਅਧਿਕਾਰਾਂ ‘ਤੇ ਡਾਕਾ ਮਾਰਿਆ, ਉਸੇ ਤਰ੍ਹਾਂ ਅੱਜ ਪੰਜਾਬ ਯੂਨੀਵਰਸਿਟੀ ‘ਤੇ ਡਾਕਾ ਮਾਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸੋ, ਪੰਜਾਬ ਸਰਕਾਰ ਅਤੇ ਬਾਕੀ ਸਿਆਸੀ ਪਾਰਟੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਖੜਨਾ ਚਾਹੀਦਾ ਹੈ |

ਮੱਤੇਵਾੜਾ ਨੇੜੇ ਇੰਡਸਟਰੀ ਬਣਾਉਣ ਨਾਲ ਸਤਲੁਜ ਦਾ ਪਾਣੀ ਗੰਦਲਾ ਹੋਵੇਗਾ : ਖਹਿਰਾ

ਇਸਦੇ ਨਾਲ ਹੀ ਸੁਖਪਾਲ ਖਹਿਰਾ ਨੇ ਮੱਤੇਵਾੜਾ ਦੇ ਜੰਗਲ ਦਾ ਮੁੱਦਾ ਚੁੱਕਿਆ, ਕਿ ਇੱਕ ਪਾਸੇ ਅਸੀਂ ਪੰਜਾਬ ਦੀ ਆਬੋ-ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀਆਂ ਗੱਲਾਂ ਕਰਦੇ ਹਾਂ ਤੇ ਦੂਜੇ ਪਾਸੇ ਇੰਡਸਟਰੀ ਪਾਰਕ ਬਨਾਉਣ ਦੀ ਗੱਲ ਕੀਤੀ ਜਾ ਰਹੀ ਹੈ| ਜਦਕਿ ਮੱਤੇਵਾੜਾ ਤੇ ਸੇਖੋਂਵਾਲ ਪਿੰਡ ਨੇੜੇ ਸਤਲੁਜ ਕੰਢੇ ਲੁਧਿਆਣੇ ਜ਼ਿਲ੍ਹੇ ‘ਚ 3 ਜੰਗਲ ਲੱਗਦੇ ਹਨ, ਜਿਨ੍ਹਾਂ ‘ਚ ਸਲੇਮ ਕਾਦਰ, ਮੱਤੇਵਾੜਾ ਤੇ ਹੈਦਰ ਨਗਰ ਨੇ ਜੇਕਰ ਇੱਥੇ ਇੰਡਸਟਰੀ ਬਣ ਜਾਂਦੀ ਹੈ ਤਾਂ ਉਸ ਦਾ ਸਾਰਾ ਗੰਦਾ ਪਾਣੀ ਸਤਲੁਜ ‘ਚ ਜਾਵੇਗਾ। ਜਿਵੇਂ ਲੋਕ ਬੁੱਢੇ ਨਾਲੇ ਦੇ ਪਾਣੀ ਨਾਲ ਬੀਮਾਰ ਹੋ ਰਹੇ ਹਨ, ਕੈਂਸਰ ਫੈਲ ਰਿਹਾ ਹੈ, ਉਸੇ ਤਰ੍ਹਾਂ ਸਤਲੁਜ ਦਾ ਪਾਣੀ ਦੂਸ਼ਿਤ ਕਰ ਦਿੱਤਾ ਜਾਵੇਗਾ।

ਮੱਤੇਵਾੜਾ ਨਾਲ ਲੱਗਦੇ ਪਿੰਡ ਸੇਖੋਵਾਲ ਦਾ ਮਸਲਾ

ਪਿੰਡ ਸੇਖੋਵਾਲ ਦੀ ਜ਼ਮੀਨ ਵਿਵਾਦ ਅਧੀਨ ਹੈ ਅਤੇ ਲੁਧਿਆਣਾ ਦੀ ਹੇਠਲੀ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਉਕਤ ਜ਼ਮੀਨ ਦੇ ਕਬਜੇ ਵਿਰੁੱਧ ਪਿੰਡ ਵਾਸੀਆਂ ਵੱਲੋਂ ਹਾਈ ਕੋਰਟ ਵਿੱਚ ਇੱਕ ਹੋਰ ਕਾਨੂੰਨੀ ਕੇਸ ਦਾਇਰ ਕੀਤਾ ਗਿਆ ਹੈ ਅਤੇ ਉਕਤ ਅਦਾਲਤ ਵੱਲੋਂ ਸਾਰੇ ਸਬੰਧਤਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ।ਉਕਤ ਜ਼ਮੀਨ 950 ਏਕੜ ਦੇ ਪ੍ਰੋਜੈਕਟ ਦਾ ਹਿੱਸਾ ਹੈ। ਇਹ ਮੱਤੇਵਾੜਾ, ਹੈਦਰ ਅਤੇ ਸਲੇਮ ਕਾਦਰ ਦੇ ਤਿੰਨ ਜੰਗਲਾਂ ਦੇ ਨਾਲ ਲੱਗਦੇ ਮੱਤੇਵਾੜਾ ਦੇ ਹੜ੍ਹ ਮੈਦਾਨਾਂ ਅਤੇ ਸਤਲੁਜ ਦਰਿਆ ਦੇ ਦੱਖਣੀ ਕੰਢੇ ਦੇ ਨੇੜੇ ਪੈਂਦਾ ਹੈ। ਉਕਤ ਖੇਤਰ ਵਿੱਚ ਉਕਤ ਪ੍ਰੋਜੈਕਟ ਕਾਰਨ ਵਾਤਾਵਰਣ ਦੇ ਵਿਗਾੜ ਦੇ ਖਿਲਾਫ ਇੱਕ ਹੋਰ ਕਾਨੂੰਨੀ ਕੇਸ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਪ੍ਰਗਤੀ ਅਧੀਨ ਹੈ। ਇਸਨੂੰ “ਨੋ ਕੰਸਟਰਕਸ਼ਨ ਜ਼ੋਨ” ਘੋਸ਼ਿਤ ਕੀਤਾ ਗਿਆ ਹੈ।

ਵੱਖ-ਵੱਖ ਅਦਾਲਤਾਂ ਵਿੱਚ ਕਾਨੂੰਨੀ ਕਾਰਵਾਈਆਂ ਪ੍ਰਗਤੀ ਅਧੀਨ ਹਨ, ਫਿਰ ਵੀ ਗਲਾਡਾ ਜ਼ਬਰਦਸਤੀ ਪ੍ਰਾਪਤੀ ਪ੍ਰਕਿਰਿਆ ਨੂੰ ਜਾਰੀ ਰੱਖ ਰਿਹਾ ਹੈ। ਗਲਾਡਾ ਨੇ ਹਾਲ ਹੀ ਵਿੱਚ ਉਕਤ ਜ਼ਮੀਨ ਨਾਲ ਲੱਗਦੀ 250 ਏਕੜ ਵਾਧੂ ਜ਼ਮੀਨ ਐਕੁਆਇਰ ਕਰਨ ਦਾ ਐਲਾਨ ਵੀ ਕੀਤਾ ਹੈ। ਮੱਤੇਵਾੜਾ/ਕੂਮ ਕਲਾਂ ਦੇ ਹੜ੍ਹ ਮੈਦਾਨਾਂ ‘ਤੇ ਡਿੱਗਣ ਤੋਂ ਬਾਅਦ ਇਹ ਸਭ ਕਾਨੂੰਨੀ ਨਿਯਮਾਂ ਦੇ ਵਿਰੁੱਧ ਹੈ।

ਦੱਸਦਈਏ ਕਿ ਮੱਤੇਵਾੜਾ ਦੇ ਨਾਲ ਲੱਗਦੇ ਪਿੰਡ ਸੇਖੋਵਾਲ ਦੇ 416 ਕਿੱਲੇ ਪੰਚਾਇਤੀ ਜਮੀਨ ਅਬਾਦਕਾਰ ਮਜ਼੍ਹਬੀ ਸਿੱਖ ਕਿਸਾਨਾਂ ਕੋਲੋਂ ਜ਼ਮੀਨ ਲੈ ਕੇ ਉੱਥੇ ਇੰਡਸਟਰੀ ਪਾਰਕ ਬਣਾਉਣਾ ਚਾਹੁੰਦੇ ਹਨ | ਜਿਸ ਦਾ ਵਿਦਿਆਰਥੀ ਜਥੇਬੰਦੀਆਂ, ਵਾਤਾਵਰਨ ਪ੍ਰੇਮੀ, ਕਈ ਸਮਾਜ ਲੋਕ ਭਲਾਈ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਹਨ | ਨੈਸ਼ਨਲ ਗਰੀਨ ਟ੍ਰਿਬਿਊਨਲ ਤੋਂ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੇਸ ਲੱਗਾ ਹੋਇਆ ਹੈ, ਹਰੇਕ ਰਾਜਨੀਤਕ ਪਾਰਟੀ ਜਿਸ ਵਿਚ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ , ਬਸਪਾ, ਕਮਿਊਨਿਸਟ ਪਾਰਟੀਆਂ, ਭਾਜਪਾ, ਅਕਾਲੀ ਦਲ ਅੰਮ੍ਰਿਤਸਰ ਅਤੇ ਕਿਸਾਨ ਯੂਨੀਅਨਾਂ ਤੱਕ ਇਸ ਮਸਲੇ ਨੂੰ ਲਿਜਾਇਆ ਗਿਆ ਹੈ ਤੇ ਹੁਣ ਮੁੜ ਤੋਂ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਚੁੱਕ ਕੇ ਵਿਰੋਧੀ ਪਾਰਟੀਆਂ ਦਾ ਧਿਆਨ ਇਸ ਮੁੱਦੇ ਵੱਲ ਲਿਆਂਦਾ ਹੈ |

ਜੇ ਗੱਲ ਕਰੀਏ ਸੁਖਪਲ ਖਹਿਰਾ ਦੀ ਤਾਂ ਸੁਖਪਾਲ ਖਹਿਰਾ ਨੇ ਪਹਿਲਾਂ ਵੀ ਕਈ ਵਾਰ ਪੰਜਾਬ ਦੇ ਅਹਿਮ ਮੁੱਦਿਆ ‘ਤੇ ਆਵਾਜ਼ ਚੁੱਕੀ ਹੈ, ਤੇ ਹੁਣ ਮੁੜ ਤੋਂ ਉਨ੍ਹਾਂ ਵੱਲੋ ਪੰਜਾਬ ਯੂਨੀਵਰਸਿਟੀ, ਮੱਤੇਵਾੜਾ ਜੰਗਲ, ਪਿੰਡ ਸੇਖੋਵਾਲਾ ਦੀ ਜ਼ਮੀਨ, ਗੁਰੂ ਗਰੰਥ ਸਾਹਿਬ ਜੀ ਬੇਅਦਬੀ ਅਤੇ ਆਬੋ ਹਵਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਗੱਲ ਬਾਤ ਕੀਤੀ ਗਈ ਹੈ |

 

 

Exit mobile version