July 7, 2024 3:46 pm
Robin Uthappa

ਭਾਰਤ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਕਿਉਂ ਨਹੀਂ ਜਿੱਤ ਰਿਹਾ, ਰੌਬਿਨ ਉਥੱਪਾ ਨੇ ਦੱਸਿਆ ਵੱਡਾ ਕਾਰਨ

ਚੰਡੀਗੜ੍ਹ 16 ਜਨਵਰੀ 2023: ਸਾਬਕਾ ਭਾਰਤੀ ਕ੍ਰਿਕਟਰ ਰੌਬਿਨ ਉਥੱਪਾ (Robin Uthappa) ਦਾ ਮੰਨਣਾ ਹੈ ਕਿ ਰਾਸ਼ਟਰੀ ਟੀਮ ‘ਚ ਆਪਣੀ ਜਗ੍ਹਾ ਨੂੰ ਲੈ ਕੇ ਖਿਡਾਰੀਆਂ ‘ਚ ਅਸੁਰੱਖਿਆ ਦੀ ਭਾਵਨਾ ਵੱਡੇ ਟੂਰਨਾਮੈਂਟਾਂ ਦੇ ਮਹੱਤਵਪੂਰਨ ਮੈਚਾਂ ‘ਚ ਟੀਮ ਲਈ ਘਾਤਕ ਸਾਬਤ ਹੋ ਰਹੀ ਹੈ। ਭਾਰਤ ਨੇ ਆਪਣਾ ਆਖਰੀ ਵਿਸ਼ਵ ਕੱਪ 2011 (ODI) ਵਿੱਚ ਜਿੱਤਿਆ ਸੀ ਜਦੋਂ ਕਿ ਇਸਦਾ ਆਖ਼ਰੀ ਆਈਸੀਸੀ ਟੂਰਨਾਮੈਂਟ 2013 ਵਿੱਚ ਚੈਂਪੀਅਨਜ਼ ਟਰਾਫੀ ਦੇ ਰੂਪ ਵਿੱਚ ਸੀ। ਇਸ ਤੋਂ ਬਾਅਦ ਟੀਮ ਵਨਡੇ ਵਿਸ਼ਵ ਕੱਪ ਅਤੇ ਟੀ-20 ਵਿਸ਼ਵ ਕੱਪ ਦੇ ਨਾਕਆਊਟ ਪੜਾਅ ‘ਚ ਪਹੁੰਚ ਕੇ ਕਈ ਵਾਰ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਖਿਡਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਹ ਹਮੇਸ਼ਾ ਆਪਣੀ ਜਗ੍ਹਾ ਬਚਾਉਣ ਦੀ ਸੋਚ ਨਾਲ ਖੇਡਣਗੇ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਉਥੱਪਾ ਇਸ ਸਮੇਂ ਅੰਤਰਰਾਸ਼ਟਰੀ ਲੀਗ ਟੀ-20 ਵਿੱਚ ਦੁਬਈ ਕੈਪੀਟਲਜ਼ ਦੀ ਸੇਵਾ ਕਰ ਰਿਹਾ ਹੈ।

ਉਥੱਪਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਵਿੱਚ ਟੀਮ ਵਿੱਚ ਆਪਣੀ ਜਗ੍ਹਾ ਨੂੰ ਲੈ ਕੇ ਸੁਰੱਖਿਆ ਦੀ ਭਾਵਨਾ ਦੀ ਘਾਟ ਹੈ। ਟੀਮ ‘ਚ ਲੰਬੇ ਸਮੇਂ ਤੋਂ ਲਗਾਤਾਰ ਬਦਲਾਅ ਹੋ ਰਹੇ ਹਨ। ਜਦੋਂ ਕੋਈ ਖਿਡਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ, ਤਾਂ ਉਸ ਕੋਲ ਹਮੇਸ਼ਾ ਆਪਣੇ ਸਥਾਨ ਦਾ ਬਚਾਅ ਕਰਨ ਦੀ ਮਾਨਸਿਕਤਾ ਹੁੰਦੀ ਹੈ। ਇਸ ਦੇ ਉਲਟ, ਜਦੋਂ ਉਸ ਨੂੰ ਜਗ੍ਹਾ ‘ਤੇ ਭਰੋਸਾ ਹੁੰਦਾ ਹੈ, ਤਾਂ ਉਹ ਆਪਣੇ ਪ੍ਰਦਰਸ਼ਨ ‘ਤੇ ਬਿਹਤਰ ਤਰੀਕੇ ਨਾਲ ਧਿਆਨ ਦੇ ਸਕਦਾ ਹੈ।

ਭਾਰਤ ਦੀ ਟੀ-20 ਵਿਸ਼ਵ ਕੱਪ ਜੇਤੂ ਟੀਮ (2007) ਦਾ ਹਿੱਸਾ ਰਹੇ ਉਥੱਪਾ (Robin Uthappa) ਨੇ ਆਈ.ਪੀ.ਐੱਲ. ਦੀ ਉਦਾਹਰਣ ਦਿੰਦੇ ਹੋਏ ਕਿਹਾ, ‘ਤੁਸੀਂ ਖੁਦ ਆਈ.ਪੀ.ਐੱਲ. ‘ਤੇ ਨਜ਼ਰ ਮਾਰੋ, ਜ਼ਿਆਦਾਤਰ ਵਾਰ ਅਜਿਹੀਆਂ ਟੀਮਾਂ ਨੇ ਖਿਤਾਬ ਜਿੱਤੇ ਹਨ, ਜਿਨ੍ਹਾਂ ਨੇ ਖੇਡਣ ‘ਚ ਘੱਟ ਬਦਲਾਅ ਕੀਤੇ ਹਨ। ਚੇਨਈ (ਸੁਪਰ ਕਿੰਗਜ਼) ਅਤੇ ਮੁੰਬਈ (ਇੰਡੀਅਨਜ਼) ਦੀ ਸਫਲਤਾ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।

ਤਿੰਨ ਵਾਰ ਆਈਪੀਐਲ ਖਿਤਾਬ ਜਿੱਤਣ ਵਾਲੀਆਂ ਟੀਮਾਂ ਦਾ ਹਿੱਸਾ ਰਹੇ ਉਥੱਪਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਖਿਡਾਰੀਆਂ ਨੂੰ ਸੁਰੱਖਿਆ ਦੀ ਭਾਵਨਾ ਦੇਣੀ ਜ਼ਰੂਰੀ ਹੈ। ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਕਾਰਨ ਖਿਡਾਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ ਅਤੇ ਮਹੱਤਵਪੂਰਨ ਮੌਕਿਆਂ ‘ਤੇ ਉਨ੍ਹਾਂ ਦਾ ਪ੍ਰਦਰਸ਼ਨ ਸਾਹਮਣੇ ਨਹੀਂ ਆ ਰਿਹਾ ਹੈ।

ਭਾਰਤ ਲਈ 46 ਵਨਡੇ ਅਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਉਥੱਪਾ ਨੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਅਗਲੇ ਮੈਚਾਂ ‘ਚ ਖਿਡਾਰੀਆਂ ਨੂੰ ਬਾਹਰ ਕਰਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, ‘ਬੰਗਲਾਦੇਸ਼ ਟੈਸਟ ਸੀਰੀਜ਼ ‘ਚ ਮੈਨ ਆਫ ਦਿ ਮੈਚ ਲੈਣ ਤੋਂ ਬਾਅਦ ਕੁਲਦੀਪ ਯਾਦਵ ਨੂੰ ਟੀਮ ‘ਚੋਂ ਬਾਹਰ ਕਰਨ ਨਾਲ ਵੱਡੇ ਪੱਧਰ ‘ਤੇ ਚੰਗਾ ਸੰਦੇਸ਼ ਗਿਆ ਹੈ ?। ਤੁਸੀਂ ਕੁਲਦੀਪ ਨੂੰ ਇੱਕ ਵਾਰ ਸਮਝਾ ਸਕਦੇ ਹੋ ਪਰ ਟੀਮ ਨੂੰ ਕੀ ਸੁਨੇਹਾ ਜਾਂਦਾ ਹੈ? ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਗਲਤ ਸੰਦੇਸ਼ ਜਾਂਦਾ ਹੈ ਕਿ ਮੈਨ ਆਫ ਦਿ ਮੈਚ ਜਿੱਤਣ ਤੋਂ ਬਾਅਦ ਵੀ ਟੀਮ ‘ਚ ਤੁਹਾਡੀ ਜਗ੍ਹਾ ਪੱਕੀ ਨਹੀਂ ਹੈ।

ਉਸ ਨੇ ਕਿਹਾ, ‘ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਟੀਮ ਦੇ ਅੰਦਰ ਕੀ ਹੋ ਰਿਹਾ ਹੈ ਪਰ ਮੈਂ ਬਾਹਰੋਂ ਇਹੀ ਮਹਿਸੂਸ ਕਰਦਾ ਹਾਂ। ਇਹ ਯਕੀਨੀ ਤੌਰ ‘ਤੇ ਹੈ ਕਿ ਸਾਡੇ ਕੋਲ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਉਨ੍ਹਾਂ ਨੂੰ ਟੀਮ ਵਿਚ ਆਪਣੀ ਜਗ੍ਹਾ ਨੂੰ ਲੈ ਕੇ ਭਰੋਸਾ ਹੋਣਾ ਚਾਹੀਦਾ ਹੈ।