ਚੰਡੀਗੜ੍ਹ, 04 ਮਾਰਚ 2025: ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ (Dhananjay Munde) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਧਨੰਜੈ ਮੁੰਡੇ ਨੇ ਆਪਣੇ ਨਿੱਜੀ ਸਕੱਤਰ ਪ੍ਰਸ਼ਾਂਤ ਭਾਮਰੇ ਅਤੇ ਵਿਸ਼ੇਸ਼ ਅਧਿਕਾਰੀ ਪ੍ਰਸ਼ਾਂਤ ਜੋਸ਼ੀ ਰਾਹੀਂ ਮੁੱਖ ਮੰਤਰੀ ਫੜਨਵੀਸ ਨੂੰ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ‘ਤੇ ਆਪਣਾ ਅਸਤੀਫਾ ਸੌਂਪਿਆ ਹੈ। ਮੁੱਖ ਮੰਤਰੀ ਫੜਨਵੀਸ ਨੇ ਰਾਜ ਵਿਧਾਨ ਸਭਾ ‘ਚ ਐਲਾਨ ਕੀਤਾ ਕਿ ਮੁੰਡੇ ਨੂੰ ਰਾਜ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਸਤੀਫ਼ਾ ਹੁਣ ਅਗਲੇਰੀ ਪ੍ਰਕਿਰਿਆ ਲਈ ਸੂਬੇ ਦੇ ਰਾਜਪਾਲ ਨੂੰ ਸੌਂਪ ਦਿੱਤਾ ਗਿਆ ਹੈ।
ਧਨੰਜਯ ਮੁੰਡੇ (Dhananjay Munde) ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ ਕਰੀਬੀ ਸਹਿਯੋਗੀ ਵਾਲਮੀਕ ਕਰਾੜ ‘ਤੇ ਦਸੰਬਰ 2024 ‘ਚ ਬੀੜ ਦੇ ਸਰਪੰਚ ਸੰਤੋਸ਼ ਦੇਸ਼ਮੁਖ ਦੇ ਕਤਲ ਦੇ ਪਿੱਛੇ ਮਾਸਟਰਮਾਈਂਡ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਧਨੰਜਯ ਮੁੰਡੇ ਨਾ ਸਿਰਫ਼ ਬੀੜ ਦੇ ਪਰਲੀ ਤੋਂ ਵਿਧਾਇਕ ਸਨ, ਸਗੋਂ ਬੀਡ ਜ਼ਿਲ੍ਹੇ ਦੇ ਸਰਪ੍ਰਸਤ ਮੰਤਰੀ ਵੀ ਸਨ। ਜਾਣਕਾਰੀ ਮੁਤਾਬਕ ਮੁੰਡੇ ਦਾ ਅਸਤੀਫ਼ਾ ਮੰਗਣ ਦਾ ਫੈਸਲਾ ਸੋਮਵਾਰ ਦੇਰ ਰਾਤ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ (ਜੋ ਕਿ ਐਨਸੀਪੀ ਮੁਖੀ ਵੀ ਹਨ) ਵਿਚਕਾਰ ਹੋਈ ਬੈਠਕ ਦੌਰਾਨ ਲਿਆ ਗਿਆ।
ਮਸਾਜੋਗ ਪਿੰਡ ਦੇ ਸਰਪੰਚ ਸੰਤੋਸ਼ ਦੇਸ਼ਮੁਖ ਦੇ ਕਤਲ ਨਾਲ ਸਬੰਧਤ ਚਾਰਜਸ਼ੀਟ ਦੀਆਂ ਤਸਵੀਰਾਂ ਅਤੇ ਵੇਰਵਿਆਂ ਦੇ ਸਾਹਮਣੇ ਆਉਣ ਤੋਂ ਬਾਅਦ, ਵਿਰੋਧੀ ਧਿਰ ਨੇ ਮੁੰਡੇ ਦੇ ਅਸਤੀਫ਼ੇ ਦੀ ਮੰਗ ਤੇਜ਼ ਕਰ ਦਿੱਤੀ ਸੀ। ਇਨ੍ਹਾਂ ਤਸਵੀਰਾਂ ਅਤੇ ਅਦਾਲਤੀ ਚਾਰਜਸ਼ੀਟ ਨੇ ਕਤਲ ਤੋਂ ਪਹਿਲਾਂ ਦੀ ਤਸਦੱਤ ਦਾ ਖੁਲਾਸਾ ਹੋਇਆ ਹੈ । ਬੀੜ ਦੇ ਮਸਾਜੋਗ ਪਿੰਡ ਦੇ ਸਰਪੰਚ ਦੇਸ਼ਮੁਖ ਨੂੰ ਪਿਛਲੇ ਸਾਲ 9 ਦਸੰਬਰ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਤਸੀਹੇ ਦਿੱਤੇ ਸਨ ਜਦੋਂ ਉਹ ਕਥਿਤ ਤੌਰ ‘ਤੇ ਜ਼ਿਲ੍ਹੇ ‘ਚ ਇੱਕ ਬਿਜਲੀ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਦੀ ਕੋਸ਼ਿਸ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਉਸਦਾ ਕਤਲ ਕਰ ਦਿੱਤਾ ਗਿਆ।
27 ਫਰਵਰੀ ਨੂੰ, ਸੀਆਈਡੀ ਨੇ ਦੇਸ਼ਮੁਖ ਦੇ ਕਤਲ ਅਤੇ ਦੋ ਸਬੰਧਤ ਮਾਮਲਿਆਂ ‘ਚ ਬੀੜ ਜ਼ਿਲ੍ਹਾ ਅਦਾਲਤ ‘ਚ 1,200 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਬੀਡ ਦੇ ਕੇਜ ਥਾਣੇ ਵਿੱਚ ਸਰਪੰਚ ਦੀ ਹੱਤਿਆ, ਅਵਾੜਾ ਕੰਪਨੀ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਅਤੇ ਕੰਪਨੀ ਦੇ ਸੁਰੱਖਿਆ ਗਾਰਡ ‘ਤੇ ਹਮਲੇ ਦੇ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਨਿਯੰਤਰਣ ਐਕਟ (ਮਕੋਕਾ) ਤਹਿਤ ਮਾਮਲਾ ਦਰਜ ਕੀਤਾ ਹੈ। ਹੁਣ ਤੱਕ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਮਕੋਕਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮਾਮਲੇ ‘ਚ ਇੱਕ ਮੁਲਜ਼ਮ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ।
Read More: ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਚ ਧਾਂਦਲੀ ਦੇ ਲਾਏ ਦੋਸ਼, ਚੋਣ ਕਮਿਸ਼ਨ ਨੇ ਦਿੱਤਾ ਜਵਾਬ