June 30, 2024 10:29 pm
Independence Day

ਜਦੋਂ ਵੀ ਦੁਸ਼ਮਣਾਂ ਦੇ ਪਾਸਿਓਂ ਗੋਲੀ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸੀਨਾ ਪੰਜਾਬੀਆਂ ਦਾ ਹੁੰਦੈ: CM ਭਗਵੰਤ ਮਾਨ

ਚੰਡੀਗੜ੍ਹ,15 ਅਗਸਤ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਵਸ (Independence Day) ਮੌਕੇ ਮੰਗਲਵਾਰ ਨੂੰ ਪਟਿਆਲਾ ਵਿੱਚ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਨਾਲ ਡੀਜੀਪੀ ਗੌਰਵ ਯਾਦਵ ਦੇ ਨਾਲ ਪਰੇਡ ਦਾ ਨਿਰੀਖਣ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਹੋਣ ਵਾਲੇ ਜ਼ਿਆਦਾਤਰ ਪੰਜਾਬੀ ਸਨ। ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਉਹ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੁਸ਼ਮਣਾਂ ਦੇ ਪਾਸਿਓਂ ਗੋਲੀ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸੀਨਾ ਪੰਜਾਬੀਆਂ ਦਾ ਹੁੰਦਾ ਹੈ।

ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਨਾ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਸ ਹੱਥਾਂ ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ 76 ਸਾਲਾਂ ਤੋਂ ਦੇਸ਼ ਦੀ ਵਾਗਡੋਰ ਸਾਡੇ ਹੱਥਾਂ ਵਿੱਚ ਹੈ ਅਤੇ ਦੱਸਣਾ ਪਵੇਗਾ ਕਿ ਦੇਸ਼ ਲਈ ਕੀ ਕੀਤਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੇਸ਼ ਦਾ ਇਤਿਹਾਸ ਜਾਣਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਕੱਲ੍ਹ 14 ਅਗਸਤ ਵੰਡ ਦਾ ਦਰਦਨਾਕ ਦਿਨ ਸੀ। 10 ਲੱਖ ਲੋਕ ਮਾਰੇ ਗਏ, ਹਰ ਪਾਸੇ ਲੋਕਾਂ ਦਾ ਖੂਨ ਵਹਿ ਰਿਹਾ ਸੀ। ਸਾਰੇ ਹੀ ਆਪਣੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸਨ। ਪੰਜਾਬ ਅਤੇ ਲੋਕ ਵੰਡੇ ਗਏ। ਇਸੇ ਲਈ ਆਜ਼ਾਦੀ ਦੀ ਕੀਮਤ ਪੰਜਾਬ ਨੂੰ ਜ਼ਿਆਦਾ ਪਈ ਅਤੇ ਇਤਿਹਾਸ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ।

ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਨੂੰ ਯਾਦ ਕਰਦੇ ਹੋਏ ਸੀ.ਐਮ ਮਾਨ ਨੇ ਉਨ੍ਹਾਂ ਦੇ ਕੰਧ ਵਿੱਚ ਚਿਣੇ ਜਾਣ ਦੀ ਘਟਨਾ ਨੂੰ ਯਾਦ ਕੀਤਾ। ਉਨ੍ਹਾਂ ਆਪਸੀ ਗੱਲਬਾਤ ਦੇ ਅੰਸ਼ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜਿਹੀ ਕੁਰਬਾਨੀ ਇਤਿਹਾਸ ਵਿੱਚ ਨਹੀਂ ਮਿਲਦੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਸ਼ਹਾਦਤ ਸੰਸਦ ‘ਚ ਰਿਕਾਰਡ ‘ਤੇ ਜਾਵੇਗੀ।