ਚੰਡੀਗੜ੍ਹ/ਖਰੜ, 16 ਅਪ੍ਰੈਲ 2025: ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਖਰੜ ਮੰਡੀ ਵਿਖੇ ਕਣਕ ਖਰੀਦ ਸੀਜ਼ਨ ਦਾ ਜਾਇਜ਼ਾ ਲੈਂਦਿਆਂ ਕਿਹਾ ਕੇਂਦਰੀ ਪੂਲ ਦੇ 124 ਲੱਖ ਮੀਟ੍ਰਿਕ ਟਨ ਦੇ ਖਰੀਦ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਲਿਆ ਜਾਵੇਗਾ |
ਮੰਤਰੀ (Lal Chand Kataruchak) ਨੇ ਦੱਸਿਆ ਕਿ ਹੁਣ ਤੱਕ ਪੰਜਾਬ ਮੰਡੀਆਂ ‘ਚ 4.16 ਲੱਖ ਮੀਟ੍ਰਿਕ ਟਨ ਕਣਕ ਪਹੁੰਚ ਚੁੱਕੀ ਹੈ ਅਤੇ 3.22 ਲੱਖ ਮੀਟ੍ਰਿਕ ਟਨ ਖਰੀਦੀ ਕੀਤੀ ਜਾ ਚੁੱਕੀ ਹੈ। ਇਸਦੇ ਨਾਲ ਹੀ ਕਿਸਾਨਾਂ ਦੇ ਖਾਤਿਆਂ ‘ਚ 151 ਕਰੋੜ ਰੁਪਏ ਭੇਜੇ ਗਏ ਹਨ |
ਉਨ੍ਹਾਂ ਦੱਸਿਆ ਕਿ ਖਰੀਦ ਦੇ 24 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ, ਉੱਥੇ ਲਿਫਟਿੰਗ ‘ਚ ਵੀ ਕੋਈ ਢਿੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਉਨ੍ਹਾਂ ਨੂੰ ਮੰਡੀਆਂ ਦੇ ਦੌਰੇ ਦੌਰਾਨ ਕੋਈ ਦਿੱਕਤ ਨਹੀਂ ਆਈ।
ਖੁਰਾਕ ਅਤੇ ਸਪਲਾਈ ਮੰਤਰੀ ਦੇ ਅਨੁਸਾਰ, ਜੇਕਰ ਮੌਸਮ ਇਸੇ ਤਰ੍ਹਾਂ ਅਨੁਕੂਲ ਰਿਹਾ, ਤਾਂ ਇਸ ਵਾਰ ਕਣਕ ਦੇ ਦਾਣਿਆਂ ਦੀ ਗੁਣਵੱਤਾ ਵੀ ਬਹੁਤ ਵਧੀਆ ਰਹੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਆਉਣ ਵਾਲੇ ਅਨਾਜ ਨੂੰ ਮੌਸਮ/ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ, ਸਾਰੀਆਂ ਏਜੰਸੀਆਂ ਅਤੇ ਕਮਿਸ਼ਨ ਏਜੰਟਾਂ ਨੂੰ ਤਰਪਾਲਾਂ ਅਤੇ ਕਰੇਟਾਂ ਦਾ ਢੁਕਵਾਂ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਭੰਡਾਰਨ ਸਮਰੱਥਾ ਨੂੰ 31 ਲੱਖ ਮੀਟ੍ਰਿਕ ਟਨ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਆਉਣ ਵਾਲੇ ਦਿਨਾਂ ‘ਚ ਕੇਂਦਰ ਵੱਲੋਂ 15 ਲੱਖ ਮੀਟ੍ਰਿਕ ਟਨ ਸਿੱਧਾ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਟੋਰੇਜ ਸਮਰੱਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ |
Read More: ਪੰਜਾਬ ਸਰਕਾਰ ਨੇ ਸੂਬੇ ਦੇ 13 ਜੰਗਲੀ ਜੀਵਾਂ ਨੂੰ ਈਕੋ-ਸੈਂਸਟਿਵ ਜ਼ੋਨ ਘੋਸ਼ਿਤ ਕੀਤਾ