ਚੰਡੀਗੜ੍ਹ, 2 ਮਾਰਚ 2023: ਮੈਟਾ ਦੀ ਮਲਕੀਅਤ ਵਾਲੇ ਵਟਸਐਪ (WhatsApp) ਨੇ ਕਿਹਾ ਹੈ ਕਿ ਭਾਰਤ ਵਿੱਚ ਜਨਵਰੀ ਵਿੱਚ 29 ਲੱਖ ਤੋਂ ਵੱਧ ਖਾਤਿਆਂ ‘ਤੇ ਪਾਬੰਧੀ ਲਗਾਈ ਹੈ | ਇਹ ਅੰਕੜਾ ਪਿਛਲੇ ਸਾਲ ਦਸੰਬਰ ‘ਚ ਬੰਦ ਕੀਤੇ ਗਏ 36.77 ਲੱਖ ਖਾਤਿਆਂ ਤੋਂ ਕਾਫੀ ਘੱਟ ਹੈ। ਕੰਪਨੀ ਨੇ ਇਹ ਕਦਮ ਆਈਟੀ ਐਕਟ 2021 ਦੀ ਪਾਲਣਾ ਕਰਦੇ ਹੋਏ ਚੁੱਕਿਆ ਹੈ। ਇਸ ਸੰਬੰਧੀ ਕੰਪਨੀ ਨੇ ਆਪਣੀ ਮਾਸਿਕ ਰਿਪੋਰਟ ‘ਚ ਕਿਹਾ ਕਿ 1 ਜਨਵਰੀ ਤੋਂ 31 ਜਨਵਰੀ ਦਰਮਿਆਨ 2,918,000 ਵਟਸਐਪ ਖਾਤਿਆਂ ‘ਤੇ ਪਾਬੰਧੀ ਲਗਾਈ ਸੀ । ਇਨ੍ਹਾਂ ਵਿੱਚੋਂ 1,038,000 ਖਾਤਿਆਂ ਨੂੰ ਸਾਵਧਾਨੀ ਵਜੋਂ ਬੈਨ ਕਰ ਦਿੱਤਾ ਗਿਆ ਹੈ।
ਦੇਸ਼ ‘ਚ ਵਟਸਐਪ (WhatsApp) ਦੇ 50 ਕਰੋੜ ਯੂਜ਼ਰਸ ਹਨ। ਮੈਟਾ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਜਨਵਰੀ ‘ਚ ਫਰਜ਼ੀ ਖਾਤਿਆਂ ਖਿਲਾਫ 1,461 ਸ਼ਿਕਾਇਤਾਂ ਮਿਲੀਆਂ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਪਲੇਟਫਾਰਮ ਨੂੰ ਕਿਸੇ ਵੀ ਤਰ੍ਹਾਂ ਦੇ ਮਾੜੇ ਮਕਸਦ ਅਤੇ ਦੁਰਵਿਵਹਾਰ ਤੋਂ ਬਚਾਉਣ ਲਈ ਆਪਣੇ ਤੌਰ ‘ਤੇ ਰੋਕਥਾਮ ਕਾਰਵਾਈ ਕੀਤੀ ਹੈ।
ਇਸ ਦੌਰਾਨ, ਭਾਰਤੀ ਸੋਸ਼ਲ ਮੀਡੀਆ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਮੰਗਲਵਾਰ ਨੂੰ ਸਮੱਗਰੀ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਚਿੰਤਾਵਾਂ ਨੂੰ ਦੇਖਣ ਲਈ ਇੱਕ ਸ਼ਿਕਾਇਤ ਅਪੀਲ ਕਮੇਟੀ (ਜੀਏਸੀ) ਦੇ ਗਠਨ ਦਾ ਐਲਾਨ ਕੀਤਾ।
ਸ਼ਿਕਾਇਤ ਅਪੀਲ ਕਮੇਟੀ ਬਣਾਈ ਜਾਵੇਗੀ
ਨਵਾਂ ਗਠਿਤ ਪੈਨਲ ਤਕਨੀਕੀ ਕੰਪਨੀਆਂ ਦੀ ਨਿਗਰਾਨੀ ਕਰਨ ਅਤੇ ਦੇਸ਼ ਦੇ ਡਿਜੀਟਲ ਕਾਨੂੰਨਾਂ ਨੂੰ ਮਜ਼ਬੂਤ ਕਰਨ ਲਈ ਅਪੀਲਾਂ ‘ਤੇ ਗੌਰ ਕਰੇਗਾ। ਆਈਟੀ ਮੰਤਰਾਲੇ ਨੇ ਪਿਛਲੇ ਮਹੀਨੇ ਤਿੰਨ ਸ਼ਿਕਾਇਤ ਅਪੀਲ ਕਮੇਟੀਆਂ (ਜੀਏਸੀ) ਸਥਾਪਿਤ ਕਰਨ ਦੀ ਗੱਲ ਕਹੀ ਸੀ। ਆਈਟੀ ਐਕਟ 2021 ਦੇ ਤਹਿਤ ਇਹ ਜ਼ਰੂਰੀ ਹੈ। ਇੰਟਰਨੈੱਟ ਨੂੰ ਖੁੱਲ੍ਹਾ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਬਣਾਉਣ ਲਈ, ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਨੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਉਦੇਸ਼ ਨਾਲ ਆਈਟੀ ਐਕਟ ਵਿੱਚ ਕੁਝ ਸੋਧਾਂ ਦਾ ਪ੍ਰਸਤਾਵ ਕੀਤਾ ਹੈ।
ਵਟਸਐਪ ਦੇ ਸਾਰੇ ਨਵੀਨਤਮ ਅਪਡੇਟਸ ਨੂੰ ਟ੍ਰੈਕ ਕਰਨ ਵਾਲੀ ਸਾਈਟ Wabetainfo ਨੇ ਕਿਹਾ ਹੈ ਕਿ ਡਿਵੈਲਪਰ ਇੱਕ ਨਵੇਂ ਫੀਚਰ ‘ਤੇ ਕੰਮ ਕਰ ਰਹੇ ਹਨ ਜਿਸ ਨਾਲ ਯੂਜ਼ਰਸ ਮੈਸੇਜ ਐਡਿਟ ਕਰ ਸਕਣਗੇ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਵਟਸਐਪ ਮੈਸੇਜ ਐਡੀਟਿੰਗ ਫੀਚਰ ‘ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਨਵਾਂ ਐਡਿਟ ਮੈਸੇਜ ਫੀਚਰ ਯੂਜ਼ਰਸ ਨੂੰ ਸਮਾਂ ਸੀਮਾ ਦੇ 15 ਮਿੰਟ ਦੇ ਅੰਦਰ ਕਿਸੇ ਵੀ ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਇਜਾਜ਼ਤ ਦੇਵੇਗਾ।