Site icon TheUnmute.com

Punjab News: ਕੀ ਹੈ ਪੰਜਾਬ ਸਟੇਟ (ਡਿਵੈਲਪਮੈਂਟ ਅਤੇ ਪ੍ਰਮੋਸ਼ਨ ਆਫ਼ ਸਪੋਰਟਸ) ਐਕਟ 2024 ?

Punjab

ਚੰਡੀਗੜ੍ਹ, 09 ਦਸੰਬਰ 2024: ਸੂਬੇ (Punjab) ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ‘ਪੰਜਾਬ ਸਟੇਟ (ਡਿਵੈਲਪਮੈਂਟ ਅਤੇ ਪ੍ਰਮੋਸ਼ਨ ਆਫ਼ ਸਪੋਰਟਸ) ਐਕਟ, 2024’ (STATE (DEVELOPMENT & PROMOTION OF SPORTS) ACT, 2024) ਲਾਗੂ ਕਰਨ ਦੀ ਮਨਜ਼ੂਰ ਦਿੱਤੀ ਹੈ। ਇਸਦੇ ਨਾਲ ਪੰਜਾਬ ਇਸ ਐਕਟ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ |

ਪੰਜਾਬ ਸਰਕਾਰ (Punjab government) ਮੁਤਾਬਕ ਇਹ ਐਕਟ ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ‘ਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨੀ ਢਾਂਚਾ ਬਣਾਉਣ ‘ਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਸਰਕਾਰ ਮੁਤਾਬਕ ਇਸ ਤਹਿਤ ਖਿਡਾਰੀਆਂ ਦੀ ਨਿਰਪੱਖ ਚੋਣ ਕੀਤੀ ਜਾਵੇਗੀ ਅਤੇ ਜਿਨ੍ਹਾਂ ਵੱਲੋਂ ਜ਼ਿਲ੍ਹਾ ਪੱਧਰ ਜਾਂ ਆਪਣੇ ਸੂਬੇ ਦੀ ਕੌਮੀ ਪੱਧਰ ‘ਤੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਜਾਵੇਗੀ|

ਉਨ੍ਹਾਂ ਦੱਸਿਆ ਕਿ ਇਸ ਐਕਟ (STATE (DEVELOPMENT & PROMOTION OF SPORTS) ACT, 2024) ਤਹਿਤ ਪੰਜਾਬ ਦੇ ਹਰੇਕ ਜ਼ਿਲ੍ਹੇ ‘ਚ ਇੱਕ ਵਿਸ਼ੇਸ਼ ਖੇਡ ਲਈ ਜ਼ਿਲ੍ਹਾ ਐਸੋਸੀਏਸ਼ਨ ਰਜਿਸਟਰਡ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਐਕਟ ਮੁਤਾਬਕ ਚਾਰਟਰਡ ਅਕਾਊਂਟੈਂਟਾਂ ਵੱਲੋਂ ਖਾਤੇ ਦੀ ਸਾਂਭ-ਸੰਭਾਲ ਕੀਤੀ ਜਾਵੇਗੀ | ਇਸਦੇ ਨਾਲ ਸੰਬੰਧਿਤ ਸਾਰੇ ਖਰਚੇ ਅਤੇ ਆਮਦਨ ਸਰੋਤਾਂ ਸੰਬੰਧੀ ਸਾਲ ਦੀ ਸਟੇਟਮੈਂਟ 31 ਮਈ ਤੋਂ ਪਹਿਲਾਂ ਪ੍ਰਕਾਸ਼ਿਤ ਹੋਵੇਗੀ |

ਇਸ ਸੰਬੰਧੀ ਦਸਤਾਵੇਜ਼ ਅਤੇ ਖਾਤੇ ਇਲੈਕਟ੍ਰਾਨਿਕ ਫਾਰਮੈਟ ‘ਚ ਪੰਜਾਬ ਸਰਕਾਰ ਦੇ ਖੇਡ ਨਿਰਦੇਸ਼ਕ ਨੂੰ ਉਪਲਬੱਧ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਜਨਰਲ ਸਕੱਤਰ, ਦੋ ਸੀਨੀਅਰ ਕੋਚ ਅਤੇ ਦੋ ਉੱਘੇ ਖਿਡਾਰੀ ਸ਼ਾਮਲ ਹੋਣਗੇ। ਇਹ ਕਮੇਟੀ ਜ਼ਿਲ੍ਹੇ ਜਾਂ ਰਾਜ ਦੀ ਨੁਮਾਇੰਦਗੀ ਕਰਨ ਲਈ ਟੀਮਾਂ/ਖਿਡਾਰੀਆਂ ਦੀ ਚੋਣ ਕਰੇਗੀ। ਭਗਵੰਤ ਮਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ/ਮੈਨੇਜਿੰਗ ਸਕੱਤਰ ਦੀ ਪ੍ਰਧਾਨਗੀ ‘ਚ ਬਣੀ ਵਿਵਾਦ ਨਿਪਟਾਰਾ ਕਮੇਟੀ ਵੱਲੋਂ 7 ਦਿਨਾਂ ‘ਚ ਖਿਡਾਰੀਆਂ ਦੀ ਅਪੀਲ ਦਾ ਨਿਪਟਾਰਾ ਕੀਤਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹਾ ਪੱਧਰ ‘ਤੇ ਪੰਜ ਮੈਂਬਰੀ ਜਿਨਸੀ ਸ਼ੋਸ਼ਣ ਕਮੇਟੀ ਨੂੰ ਸੂਚਿਤ ਕੀਤਾ ਜਾਵੇਗਾ, ਜਿਸ ‘ਚ ਖੇਡ ਐਸੋਸੀਏਸ਼ਨਾਂ ਦੀਆਂ ਕਾਰਜਕਾਰਨੀ ਕਮੇਟੀਆਂ ਦੇ ਤਿੰਨ ਮਹਿਲਾ ਅਤੇ ਦੋ ਪੁਰਸ਼ ਮੈਂਬਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਦੇ ਪ੍ਰਬੰਧਕੀ ਸਕੱਤਰ ਵੱਲੋਂ ਸੂਬਾ ਪੱਧਰ ’ਤੇ ਪੰਜ ਮੈਂਬਰੀ ਕਮੇਟੀ ਨੂੰ ਸੂਚਿਤ ਕੀਤਾ ਜਾਵੇਗਾ, ਜਿਸ ‘ਚ ਰਾਜ ਦੀਆਂ ਖੇਡ ਐਸੋਸੀਏਸ਼ਨਾਂ ਦੀਆਂ ਕਾਰਜਕਾਰਨੀ ਕਮੇਟੀਆਂ ਦੇ ਮੈਂਬਰ ਸ਼ਾਮਲ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਮੇਟੀਆਂ ਕਿਸੇ ਵੀ ਘਟਨਾ ਦੀ ਸੂਰਤ ‘ਚ ਸੂ-ਮੋਟੋ ਨੋਟਿਸ ਲੈ ਸਕਦੀਆਂ ਹਨ।

ਮੁੱਖ ਮੰਤਰੀ ਮਾਨ ਮੁਤਾਬਕ ਸਾਰੀਆਂ ਐਸੋਸੀਏਸ਼ਨਾਂ ਖੇਡ ਗਤੀਵਿਧੀਆਂ ਜਿਵੇਂ ਕਿ ਕੈਂਪ, ਲੀਗ ਅਤੇ ਮੁਕਾਬਲਿਆਂ ਦੇ ਆਯੋਜਨ ਲਈ ਸਾਲਾਨਾ ਕੈਲੰਡਰ ਤਿਆਰ ਕਰਨਗੀਆਂ ਅਤੇ ਇਸ ਨੂੰ ਹਰ ਸਾਲ 31 ਮਾਰਚ ਤੱਕ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ 30 ਦਿਨਾਂ ‘ਚ ਕੈਲੰਡਰ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਨੀਤੀ ਨਾਲ ਸੂਬੇ ‘ਚ ਖੇਡਾਂ ਅਤੇ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ, ਤਾਂ ਜੋ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਤੋਰਿਆ ਜਾ ਸਕੇ।

Read More: Punjab News: ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ‘ਚ ਸ਼ੁਰੂ ਕੀਤਾ ਸ਼ਲਾਘਾਯੋਗ ਉਪਰਾਲਾ

 

Exit mobile version