ਕੇਰਲ, 16 ਸਤੰਬਰ 2025: brain-eating amoeba: ਕੇਰਲ ‘ਚ ਦਿਮਾਗ਼ ਖਾਣ ਵਾਲੇ ਅਮੀਬਾ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੇਰਲ ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਇਸ ਸਾਲ ਹੁਣ ਤੱਕ ਸੂਬੇ ‘ਚ ਦਿਮਾਗ਼ ਖਾਣ ਵਾਲੇ ਅਮੀਬਾ ਦੇ 67 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ‘ਚੋਂ 18 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਅੰਕੜੇ ਬਿਮਾਰੀ ਨਿਗਰਾਨੀ ਪ੍ਰੋਗਰਾਮ ਤਹਿਤ ਇਕੱਠੇ ਕੀਤੇ ਗਏ ਹਨ। ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ, ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਤੁਰੰਤ ਪਾਣੀ ਦੀ ਸੁਰੱਖਿਆ ਅਤੇ ਰੋਕਥਾਮ ਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਮੀਬਿਕ ਮੈਨਿਨਜੋਏਂਸੇਫਲਾਈਟਿਸ ਦੇ ਲੱਛਣ
ਬੁਖਾਰ
ਸਿਰ ਦਰਦ
ਉਲਟੀਆਂ
ਗਰਦਨ ‘ਚ ਅਕੜਾਅ
ਮਤਲੀ
ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੇ ਪੂਵਰ ਦੇ ਇੱਕ 17 ਸਾਲਾ ਵਿਦਿਆਰਥੀ ਨੂੰ ਅੱਕੁਲਮ ਟੂਰਿਸਟ ਵਿਲੇਜ ਦੇ ਪੂਲ ਵਿੱਚ ਤੈਰਨ ਤੋਂ ਬਾਅਦ ਪੀਏਐਮ ਇਨਫੈਕਸ਼ਨ ਹੋ ਗਿਆ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਵਧਾਨੀ ਵਜੋਂ, ਪੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਜਾਂਚ ਲਈ ਪਾਣੀ ਦੇ ਨਮੂਨੇ ਲਏ ਗਏ ਹਨ।
ਕੋਜ਼ੀਕੋਡ ‘ਚ ਸ਼ਾਜੀ ਨਾਮ ਦੇ ਇੱਕ 49 ਸਾਲਾ ਵਿਅਕਤੀ ਦੀ ਸਿਰ ‘ਚ ਸੱਟ ਲੱਗਣ ਅਤੇ ਇਨਫੈਕਸ਼ਨ ਫੈਲਣ ਤੋਂ ਬਾਅਦ ਮੌਤ ਹੋ ਗਈ। ਇਸ ਦੇ ਨਾਲ ਹੀ ਥਾਮਾਰਸੇਰੀ ਦੀ ਇੱਕ 9 ਸਾਲਾ ਬੱਚੀ ਦੀ ਵੀ ਅਚਾਨਕ ਹਾਲਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਇਨ੍ਹਾਂ ਮਾਮਲਿਆਂ ‘ਚ ਛੋਟੇ ਬੱਚੇ, ਬਜ਼ੁਰਗ ਅਤੇ ਹੋਰ ਉਮਰ ਸਮੂਹਾਂ ਦੇ ਲੋਕ ਸ਼ਾਮਲ ਹਨ। ਇਸ ਸਮੇਂ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਦਿਮਾਗ ਖਾਣ ਵਾਲਾ ਅਮੀਬਾ ਕੀ ਹੈ ?
ਜਿਕਰਯੋਗ ਹੈ ਕਿ ਅਮੀਬਿਕ ਮੈਨਿਨਜੋਏਂਸੇਫਲਾਈਟਿਸ ਨੂੰ ਆਮ ਤੌਰ ‘ਤੇ “ਦਿਮਾਗ ਖਾਣ ਵਾਲਾ ਅਮੀਬਾ” (brain-eating amoeba) ਕਿਹਾ ਜਾਂਦਾ ਹੈ। ਦਿਮਾਗ ਖਾਣ ਵਾਲਾ ਅਮੀਬਾ (brain-eating amoeba) ਨੈਗਲਰੀਆ ਫਾਉਲੇਰੀ ਨਾਮਕ ਅਮੀਬਾ ਕਾਰਨ ਹੁੰਦਾ ਹੈ। ਇਹ ਜੀਵ ਗਰਮ ਅਤੇ ਗੰਦੇ ਜਾਂ ਗਲਤ ਤਰੀਕੇ ਨਾਲ ਸਾਫ਼ ਕੀਤੇ ਪਾਣੀ ‘ਚ ਵਧਦਾ-ਫੁੱਲਦਾ ਹੈ ਅਤੇ ਨੱਕ ਰਾਹੀਂ ਸਰੀਰ ‘ਚ ਦਾਖਲ ਹੁੰਦਾ ਹੈ। ਇਸਦਾ ਇਨਫੈਕਸ਼ਨ ਛੇਤੀ ਨਹੀਂ ਫੈਲਦਾ, ਪਰ ਇਸਦੀ ਮੌਤ ਦਰ ਬਹੁਤ ਜ਼ਿਆਦਾ ਹੁੰਦੀ ਹੈ। ਸਰੀਰ ‘ਚ ਦਾਖਲ ਹੋਣ ਤੋਂ ਬਾਅਦ, ਇਹ ਅਮੀਬਾ ਦਿਮਾਗ ਤੱਕ ਪਹੁੰਚਦਾ ਹੈ ਅਤੇ ਗੰਭੀਰ ਸੋਜਸ਼ ਦਾ ਕਾਰਨ ਬਣਦਾ ਹੈ।
ਦਿਮਾਗ ਖਾਣ ਵਾਲੇ ਅਮੀਬਾ ਤੋਂ ਬਚਣ ਲਈ ਸਾਵਧਾਨੀਆਂ
ਝੀਲਾਂ, ਤਲਾਅ ਜਾਂ ਹੋਰ ਜਲ ਭੰਡਾਰਾਂ ਵਰਗੇ ਗੰਦੇ ਜਾਂ ਖੜ੍ਹੇ ਪਾਣੀ ‘ਚ ਤੈਰਾਕੀ ਅਤੇ ਨਹਾਉਣ ਤੋਂ ਬਚੋ।
ਹਮੇਸ਼ਾ ਇਹ ਯਕੀਨੀ ਬਣਾਓ ਕਿ ਸਵੀਮਿੰਗ ਪੂਲ ਸਹੀ ਮਾਤਰਾ ‘ਚ ਕਲੋਰੀਨ ਨਾਲ ਸਾਫ਼ ਕੀਤੇ ਜਾਣ ਅਤੇ ਉਨ੍ਹਾਂ ਦੀ ਦੇਖਭਾਲ ਨਿਯਮਤ ਹੋਵੇ।
ਨੱਕ ਦੀ ਸਫਾਈ ਜਾਂ ਕੁਰਲੀ ਲਈ ਸਿਰਫ ਸਾਫ਼ ਅਤੇ ਇਲਾਜ ਕੀਤੇ ਪਾਣੀ ਦੀ ਵਰਤੋਂ ਕਰੋ।
ਧਾਰਮਿਕ ਰਸਮਾਂ ਜਾਂ ਹੋਰ ਨਹਾਉਣ ਲਈ ਦੂਸ਼ਿਤ ਪਾਣੀ ਦੀ ਵਰਤੋਂ ਨਾ ਕਰੋ, ਖਾਸ ਕਰਕੇ ਜਦੋਂ ਪਾਣੀ ਨੱਕ ‘ਚ ਜਾ ਸਕਦਾ ਹੈ।
ਘਰੇਲੂ ਪਾਣੀ ਦੀਆਂ ਟੈਂਕੀਆਂ ਅਤੇ ਖੂਹਾਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਰੱਖੋ ਅਤੇ ਖੂਹਾਂ ਨੂੰ ਢੱਕ ਕੇ ਸੁਰੱਖਿਅਤ ਬਣਾਓ।
ਜੇਕਰ ਬੁਖਾਰ, ਸਿਰ ਦਰਦ, ਉਲਟੀਆਂ ਜਾਂ ਗਰਦਨ ‘ਚ ਅਕੜਾਅ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਮੇਂ ਸਿਰ ਪਛਾਣ ਅਤੇ ਇਲਾਜ ਜਾਨਾਂ ਬਚਾਉਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
Read More: ਹੜ੍ਹਾਂ ਦੌਰਾਨ ਕਿਵੇਂ ਦਾ ਹੋਣਾ ਚਾਹੀਦਾ ਹੈ ਤੁਹਾਡਾ ਖਾਣ-ਪਾਣ ?




