ਟੈਰਿਫ ਦਾ ਭਾਰਤ 'ਤੇ ਪ੍ਰਭਾਵ

ਡੋਨਾਲਡ ਟਰੰਪ ਦੇ 50 ਫੀਸਦੀ ਟੈਰਿਫ ਦਾ ਭਾਰਤ ‘ਤੇ ਕੀ ਪ੍ਰਭਾਵ ਪਵੇਗਾ ?

ਵਿਦੇਸ਼, 08 ਅਗਸਤ 2025: Trump Tariff News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ‘ਤੇ 25 ਫੀਸਦੀ ਦੀ ਆਮ ਆਯਾਤ ਡਿਊਟੀ ਤੋਂ ਇਲਾਵਾ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਆਮ ਟੈਰਿਫ ਅੱਜ ਤੋਂ ਲਾਗੂ ਹੋ ਗਿਆ ਹੈ, ਜਦੋਂ ਕਿ ਵਾਧੂ 25 ਫੀਸਦੀ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ।

ਟਰੰਪ ਦੇ 50 ਫੀਸਦੀ ਆਯਾਤ ਡਿਊਟੀ ਦਾ ਭਾਰਤ ‘ਤੇ ਕੀ ਪ੍ਰਭਾਵ ਪਵੇਗਾ? ਇਸ ਫੈਸਲੇ ਨਾਲ ਭਾਰਤ ਦੇ ਕਿਹੜੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ? ਅਮਰੀਕੀ ਟੈਰਿਫ ਨਾਲ ਕਿਹੜੇ ਖੇਤਰ ਪ੍ਰਭਾਵਿਤ ਨਹੀਂ ਹੋਣਗੇ? ਅਮਰੀਕਾ ‘ਚ ਭਾਰਤੀ ਉਤਪਾਦਾਂ ਦੇ ਮਹਿੰਗੇ ਹੋਣ ਦਾ ਕੀ ਪ੍ਰਭਾਵ ਪਵੇਗਾ?
ਇਸਦੇ ਨਾਲ ਹੀ 25 ਫੀਸਦੀ ਟੈਰਿਫ ਤੋਂ ਇਲਾਵਾ ਟਰੰਪ ਦੇ ਪੈਨਲਟੀ ਦਾ ਕੀ ਪ੍ਰਭਾਵ ਪਵੇਗਾ ? ਇਹ ਕੁਝ ਸਵਾਲ ਹਨ ਜੋ ਹਰ ਕਿਸੇ ਦੇ ਜ਼ਹਿਨ ‘ਚ ਘੁੰਮ ਰਹੇ ਹਨ |

ਇਸ ਫੈਸਲੇ ਨਾਲ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਜ਼ਿਆਦਾਤਰ ਉਤਪਾਦ ਉੱਥੇ ਮਹਿੰਗੇ ਹੋਣੇ ਯਕੀਨੀ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤੀ ਨਿਰਯਾਤਕਾਂ ਲਈ ਝਟਕਾ ਹੋ ਸਕਦਾ ਹੈ, ਕਿਉਂਕਿ ਅਮਰੀਕਾ ਭਾਰਤੀ ਉਤਪਾਦਾਂ ਦਾ ਇੱਕ ਵੱਡਾ ਖਰੀਦਦਾਰ ਹੈ। ਟੈਰਿਫ ‘ਚ ਵਾਧੇ ਨਾਲ ਅਮਰੀਕੀ ਨਾਗਰਿਕ ਭਾਰਤੀ ਉਤਪਾਦਾਂ ਦੀ ਬਜਾਏ ਦੂਜੇ ਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਨੂੰ ਘੱਟ ਟੈਰਿਫ ਦਰ ‘ਤੇ ਤਰਜੀਹ ਦੇ ਸਕਦੇ ਹਨ।

ਟੈਰਿਫ ਦਾ ਭਾਰਤ ‘ਤੇ ਕੀ ਪ੍ਰਭਾਵ ਪਵੇਗਾ ?

ਇਸ ਟੈਰਿਫ ਦਾ ਪ੍ਰਭਾਵ ਸਾਡੇ ਕੱਪੜਾ, ਗਹਿਣੇ ਅਤੇ ਰਤਨ, ਖੇਤੀਬਾੜੀ ਅਤੇ ਕੁਝ ਹੋਰ ਖੇਤਰਾਂ ‘ਤੇ ਦੇਖਿਆ ਜਾ ਸਕਦਾ ਹੈ। ਜੇਕਰ ਅਸੀਂ 7 ਅਗਸਤ ਤੋਂ ਲਾਗੂ ਹੋਏ 25 ਪ੍ਰਤੀਸ਼ਤ ਟੈਰਿਫ ਦੀ ਗੱਲ ਕਰੀਏ, ਤਾਂ ਅਮਰੀਕੀ ਨਾਗਰਿਕਾਂ ਨੂੰ ਪਹਿਲਾਂ 100 ਰੁਪਏ ‘ਚ ਮਿਲਣ ਵਾਲੇ ਚੌਲ, ਹੁਣ 25 ਫੀਸਦੀ ਆਯਾਤ ਡਿਊਟੀ ਲਗਾਉਣ ਤੋਂ ਬਾਅਦ, ਉਨ੍ਹਾਂ ਨੂੰ 125 ਰੁਪਏ ‘ਚ ਮਿਲਣਗੇ। 27 ਅਗਸਤ ਨੂੰ ਲਗਾਏ 25 ਫੀਸਦੀ ਵਾਧੂ ਟੈਰਿਫ ਤੋਂ ਬਾਅਦ, ਇਹ ਵਧ ਕੇ 150 ਰੁਪਏ ਹੋ ਜਾਵੇਗਾ। ਇਹੀ ਸਥਿਤੀ ਵੱਖ-ਵੱਖ ਖੇਤਰਾਂ ਦੇ ਉਤਪਾਦਾਂ ਨਾਲ ਹੋਵੇਗੀ।

1. ਟੈਕਸਟਾਈਲ

ਭਾਰਤ ਦੇ ਟੈਕਸਟਾਈਲ ਉਦਯੋਗ ਦੇ ਨਿਰਯਾਤ ਦਾ ਇੱਕ ਵੱਡਾ ਹਿੱਸਾ ਅਮਰੀਕਾ ‘ਤੇ ਨਿਰਭਰ ਹੈ। ਭਾਰਤ ਤੋਂ ਕੁੱਲ ਟੈਕਸਟਾਈਲ ਨਿਰਯਾਤ ਦਾ 28 ਫੀਸਦੀ ਇਕੱਲੇ ਅਮਰੀਕਾ ਨੂੰ ਜਾਂਦਾ ਹੈ, ਜਿਸਦੀ ਕੁੱਲ ਕੀਮਤ 10.3 ਅਰਬ ਡਾਲਰ ਤੋਂ ਵੱਧ ਹੈ।ਇਸ ਅਮਰੀਕੀ ਟੈਰਿਫ ਨਾਲ ਨਵੇਂ ਸੈਕਟਰ ਸਭ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਦੂਜੇ ਪਾਸੇ ਇੰਡੋਨੇਸ਼ੀਆ, ਵੀਅਤਨਾਮ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਨੂੰ ਇਸਦਾ ਫਾਇਦਾ ਮਿਲੇਗਾ।

ਅਮਰੀਕਾ ਵੀਅਤਨਾਮ ‘ਤੇ 19 ਫੀਸਦੀ ਟੈਰਿਫ ਲਗਾ ਰਿਹਾ ਹੈ, ਜਦੋਂ ਕਿ ਟਰੰਪ ਨੇ ਇੰਡੋਨੇਸ਼ੀਆ ‘ਤੇ 20 ਫੀਸਦੀ ਟੈਰਿਫ ਲਗਾਇਆ ਹੈ। ਇਸ ਸੰਦਰਭ ‘ਚ, ਭਾਰਤ ਦੇ ਟੈਕਸਟਾਈਲ ਸੈਕਟਰ ਨੂੰ ਅਮਰੀਕੀ ਟੈਰਿਫ ਕਾਰਨ ਮੁਕਾਬਲੇ ‘ਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ, ਬੰਗਲਾਦੇਸ਼ ਅਤੇ ਕੰਬੋਡੀਆ ‘ਤੇ ਟੈਰਿਫ ਦਰਾਂ ਵੀ 20 ਫੀਸਦੀ ਤੋਂ ਘੱਟ ਹਨ।

2. ਰਤਨ ਅਤੇ ਗਹਿਣੇ

ਭਾਰਤ ਦੇ ਰਤਨ ਅਤੇ ਗਹਿਣੇ ਖੇਤਰ ‘ਤੇ ਵੀ ਅਮਰੀਕੀ ਟੈਰਿਫ ਦਾ ਅਸਰ ਪੈਣ ਦੀ ਸੰਭਾਵਨਾ ਹੈ। ਇਹ ਸੈਕਟਰ ਹਰ ਸਾਲ ਅਮਰੀਕਾ ਨੂੰ 12 ਅਰਬ ਡਾਲਰ ਦਾ ਨਿਰਯਾਤ ਕਰਦਾ ਹੈ। ਵਰਤਮਾਨ ‘ਚ ਅਮਰੀਕਾ ਦਾ ਇਸ ਉਦਯੋਗ ‘ਤੇ 10 ਫੀਸਦੀ ਦਾ ਬੇਸਲਾਈਨ ਟੈਰਿਫ ਹੈ, ਜਿਸਦਾ ਐਲਾਨ ਅਪ੍ਰੈਲ ‘ਚ ਹੀ ਕੀਤਾ ਗਿਆ ਸੀ, ਜਦੋਂ ਕਿ ਇਸ ਤੋਂ ਪਹਿਲਾਂ, ਇਹ ਡਿਊਟੀ ਪਾਲਿਸ਼ ਕੀਤੇ ਹੀਰਿਆਂ ‘ਤੇ ਜ਼ੀਰੋ, ਸੋਨੇ ਅਤੇ ਪਲੈਟੀਨਮ ਗਹਿਣਿਆਂ ‘ਤੇ 5-7 ਫੀਸਦੀ ਅਤੇ ਚਾਂਦੀ ਦੇ ਗਹਿਣਿਆਂ ‘ਤੇ 5-13.5 ਫੀਸਦੀ ਸੀ। ਨਵੇਂ ਟੈਰਿਫ ਕਾਰਨ ਰਤਨ ਅਤੇ ਗਹਿਣੇ ਖੇਤਰਾਂ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

3. ਖੇਤੀਬਾੜੀ ਉਤਪਾਦ

ਖੇਤੀਬਾੜੀ ਉਤਪਾਦ ਸੰਬੰਧੀ ਗੱਲ ਕਰੀਏ ਤਾਂ ਭਾਰਤ ਇਸ ਸਮੇਂ ਅਮਰੀਕਾ ਨੂੰ 5.6 ਅਰਬ ਡਾਲਰ ਤੋਂ ਵੱਧ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕਰਦਾ ਹੈ। ਇਸਦੇ ਮੁੱਖ ਨਿਰਯਾਤ ‘ਚ ਮਸਾਲੇ, ਡੇਅਰੀ ਉਤਪਾਦ, ਚੌਲ, ਸਮੁੰਦਰੀ ਉਤਪਾਦ, ਆਯੂਸ਼ ਅਤੇ ਜੜੀ ਬੂਟੀਆਂ ਦੇ ਉਤਪਾਦ, ਖਾਣ ਵਾਲਾ ਤੇਲ, ਖੰਡ ਅਤੇ ਤਾਜ਼ੀਆਂ ਸਬਜ਼ੀਆਂ ਅਤੇ ਫਲ ਆਦਿ ਸ਼ਾਮਲ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਟੈਰਿਫ ਦਾ ਭਾਰਤ ਦੇ ਸਮੁੰਦਰੀ ਭੋਜਨ ਉਦਯੋਗ ਯਾਨੀ ਸਮੁੰਦਰੀ ਉਤਪਾਦਾਂ ‘ਤੇ ਸਭ ਤੋਂ ਵੱਧ ਪ੍ਰਭਾਵ ਪਵੇਗਾ।

ਕਿਹੜੇ ਸੈਕਟਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ?

ਇਨ੍ਹਾਂ ਸੈਕਟਰਾਂ ਤੋਂ ਇਲਾਵਾ, ਚਮੜਾ ਅਤੇ ਫੁੱਟਵੀਅਰ ਇੰਡਸਟਰੀ ਹਰ ਸਾਲ ਅਮਰੀਕਾ ਨੂੰ 1.18 ਅਰਬ ਡਾਲਰ, ਰਸਾਇਣਕ ਉਦਯੋਗ 2.34 ਅਰਬ ਡਾਲਰ ਅਤੇ ਬਿਜਲੀ ਅਤੇ ਮਸ਼ੀਨਰੀ ਇੰਡਸਟਰੀ 9 ਅਰਬ ਡਾਲਰ ਦਾ ਨਿਰਯਾਤ ਕਰਦੀ ਹੈ।

ਕਿਹੜੇ ਸੈਕਟਰ ਅਮਰੀਕੀ ਟੈਰਿਫ ਦੇ ਪ੍ਰਭਾਵ ਤੋਂ ਬਚ ਸਕਦੇ ਹਨ ?

1. ਇਲੈਕਟ੍ਰਾਨਿਕਸ

ਭਾਰਤ ਦਾ ਇਲੈਕਟ੍ਰਾਨਿਕਸ ਸੈਕਟਰ ਅਮਰੀਕਾ ਨੂੰ ਸਭ ਤੋਂ ਵੱਡਾ ਨਿਰਯਾਤਕ ਹੈ। ਪਿਛਲੇ ਕੁਝ ਸਾਲਾਂ ‘ਚ, ਭਾਰਤ ਸਮਾਰਟਫੋਨ, ਲੈਪਟਾਪ, ਸਰਵਰ ਅਤੇ ਟੈਬਲੇਟ ਦੇ ਮਾਮਲੇ ‘ਚ ਅਮਰੀਕਾ ਨੂੰ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਵੀਰਵਾਰ ਨੂੰ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ‘ਚ ਇਸ ਸੈਕਟਰ ‘ਤੇ ਆਯਾਤ ਡਿਊਟੀ ਲਗਾਉਣ ਲਈ, ਇਸਨੂੰ ਧਾਰਾ 232 ਦੀ ਸਮੀਖਿਆ ਕਰਨੀ ਪਵੇਗੀ। ਯਾਨੀ ਕਿ ਇਸ ਸੈਕਟਰ ਨੂੰ ਅਮਰੀਕੀ ਟੈਰਿਫ ਤੋਂ ਰਾਹਤ ਮਿਲਣ ਦੀ ਉਮੀਦ ਹੈ।

2. ਫਾਰਮਾ ਸੈਕਟਰ

ਅਮਰੀਕਾ ਭਾਰਤ ਦੇ ਫਾਰਮਾ ਸੈਕਟਰ ਲਈ ਸਭ ਤੋਂ ਵੱਡਾ ਅਤੇ ਅਹਿਮ ਸਥਾਨ ਹੈ। ਕੁਝ ਰਿਪੋਰਟਾਂ ਦੇ ਮੁਤਾਬਕ ਭਾਰਤ ਦਾ ਅਮਰੀਕਾ ਨੂੰ ਕੁੱਲ ਨਿਰਯਾਤ 10.5 ਅਰਬ ਡਾਲਰ ਦੇ ਕਰੀਬ ਰਿਹਾ ਹੈ। ਯਾਨੀ ਕਿ ਭਾਰਤ ਦੇ ਕੁੱਲ ਫਾਰਮਾ ਨਿਰਯਾਤ ਦਾ ਲਗਭਗ 40 ਫੀਸਦੀ ਅਮਰੀਕਾ ਨੂੰ ਜਾਂਦਾ ਹੈ। ਵਿਸ਼ਲੇਸ਼ਕਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਇਸ ਸੈਕਟਰ ਨੂੰ ਫਿਲਹਾਲ ਟਰੰਪ ਦੇ ਟੈਰਿਫ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਬ੍ਰੋਕਰੇਜ ਹਾਊਸ ਜੈਫਰੀਜ਼ ਨੇ ਕਿਹਾ ਹੈ ਕਿ ਫਿਲਹਾਲ ਟਰੰਪ ਦੇ ਜਵਾਬੀ ਟੈਰਿਫ ਦਾ ਭਾਰਤੀ ਫਾਰਮਾ ਸੈਕਟਰ ‘ਤੇ ਘੱਟ ਤੋਂ ਘੱਟ ਪ੍ਰਭਾਵ ਪਵੇਗਾ, ਪਰ ਭਵਿੱਖ ‘ਚ ਕਿਸੇ ਵੀ ਵਾਧੂ ਟੈਰਿਫ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Read More: ਅਮਰੀਕੀ ਟੈਰਿਫ ਮੁੱਦੇ ‘ਤੇ ਚੀਨ ਵੱਲੋਂ ਭਾਰਤ ਦਾ ਸਮਰਥਨ, ਕਿਹਾ-“ਬਦਮਾਸ਼ ਨੂੰ ਇੱਕ ਇੰਚ ਦਿਓ ਤਾਂ ਇੱਕ ਮੀਲ ਲੈ ਜਾਂਦਾ ਹੈ”

Scroll to Top