ਚੰਡੀਗੜ੍ਹ, 17 ਫਰਵਰੀ 2025: ਸੋਮਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ (West Bengal Assembly) ‘ਚ ਹੰਗਾਮਾ ਹੋਇਆ, ਜਿਸਦੇ ਚੱਲਦੇ ਵਿਧਾਨ ਸਭ ਦੇ ਸਪੀਕਰ ਬਿਮਨ ਬੈਨਰਜੀ ਨੇ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਅਤੇ ਤਿੰਨ ਹੋਰ ਭਾਜਪਾ (BJP) ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਵਿਧਾਇਕਾਂ ‘ਤੇ ਸਦਨ ‘ਚ ਮਾੜਾ ਵਿਵਹਾਰ ਕਰਨ ਦਾ ਦੋਸ਼ ਲੱਗਾ ਹੈ। ਇਨ੍ਹਾਂ ਚਾਰ ਵਿਧਾਇਕਾਂ ਨੂੰ ਸਦਨ ਦੇ ਵੈੱਲ ‘ਚ ਆਉਣ ਅਤੇ ਕੰਮਕਾਜੀ ਦਸਤਾਵੇਜ਼ ਪਾੜਨ ਅਤੇ ਸੁੱਟਣ ਦੇ ਦੋਸ਼ ‘ਚ ਮੁਅੱਤਲ ਕੀਤਾ ਗਿਆ ਹੈ।
ਜਿਨ੍ਹਾਂ ਵਿਧਾਇਕਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ‘ਚ ਸੁਵੇਂਦੂ ਅਧਿਕਾਰੀ, ਅਗਨੀਮਿੱਤਰ ਪਾਲ, ਬੰਕਿਮ ਘੋਸ਼ ਅਤੇ ਵਿਸ਼ਵਨਾਥ ਕਰਕ ਸ਼ਾਮਲ ਹਨ। ਇਨ੍ਹਾਂ ਸਾਰੇ ਵਿਧਾਇਕਾਂ ਨੂੰ ਉਦੋਂ ਮੁਅੱਤਲ ਕਰ ਦਿੱਤਾ ਗਿਆ ਜਦੋਂ ਭਾਜਪਾ ਮੈਂਬਰ ਸਦਨ ‘ਚ ਨਾਅਰੇਬਾਜ਼ੀ ਕਰਦੇ ਹੋਏ ਦਾਖਲ ਹੋਏ ਅਤੇ ਮੁਅੱਤਲੀ ਮਤੇ ‘ਤੇ ਚਰਚਾ ਦੀ ਮੰਗ ਕੀਤੀ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਾਲ ਨੇ ਪੁਲਿਸ ਸੁਰੱਖਿਆ ਹੇਠ ਸੂਬੇ ‘ਚ ਸਰਸਵਤੀ ਪੂਜਾ ਦੇ ਆਯੋਜਨ ‘ਤੇ ਚਰਚਾ ਕਰਨ ਲਈ ਇੱਕ ਮੁਲਤਵੀ ਪ੍ਰਸਤਾਵ ਲਿਆਂਦਾ, ਜਿਸਨੂੰ ਸਪੀਕਰ ਨੇ ਸਵੀਕਾਰ ਨਹੀਂ ਕੀਤਾ। ਇਸ ਤੋਂ ਬਾਅਦ, ਭਾਜਪਾ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ (West Bengal Assembly) ਤੋਂ ਵਾਕਆਊਟ ਕਰ ਗਏ। ਭਾਜਪਾ ਵਿਧਾਇਕਾਂ ਦੇ ਇਸ ਵਿਰੋਧ ਪ੍ਰਦਰਸ਼ਨ ‘ਤੇ ਤ੍ਰਿਣਮੂਲ ਕਾਂਗਰਸ ਦੇ ਮੁੱਖ ਵ੍ਹਿਪ ਨਿਰਮਲ ਘੋਸ਼ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਵਿਧਾਨ ਸਭਾ ਦੇ ਕਾਰਜ ਸੱਭਿਆਚਾਰ ਦੇ ਵਿਰੁੱਧ ਹੈ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਪਾਲ ਨੇ ਕਿਹਾ ਕਿ ਭਾਜਪਾ ਵਿਧਾਇਕ ਵਾਕਆਊਟ ਕਰ ਗਏ ਕਿਉਂਕਿ ਸਪੀਕਰ ਨੇ ਉਨ੍ਹਾਂ ਦੁਆਰਾ ਪੇਸ਼ ਕੀਤੇ ਗਏ ਮੁਲਤਵੀ ਮਤੇ ‘ਤੇ ਚਰਚਾ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜਦੋਂ ਸਪੀਕਰ ਨੇ ਮਤਾ ਪੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਭਾਜਪਾ ਵਿਧਾਇਕਾਂ ਨੇ ਨਾਅਰੇਬਾਜ਼ੀ ਕਰਦਿਆਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਖ਼ਤੀਆਂ ਲੈ ਕੇ ਸਦਨ ਵਿੱਚ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਚੋਣ ਲਾਭ ਲਈ ਤੁਸ਼ਟੀਕਰਨ ਕਰ ਰਿਹਾ ਹੈ।
Read More: ਸੁਪਰੀਮ ਕੋਰਟ ਵੱਲੋਂ ਕੋਲਕਾਤਾ ਡਾਕਟਰ ਕੇਸ ਪੱਛਮੀ ਬੰਗਾਲ ਤੋਂ ਬਾਹਰ ਤਬਦੀਲ ਕਰਨ ਤੋਂ ਇਨਕਾਰ