ਚੰਡੀਗੜ੍ਹ, 25 ਅਪ੍ਰੈਲ 2023: ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ (North Dinajpur) ਜ਼ਿਲੇ ‘ਚ ਪਿਛਲੇ ਹਫਤੇ ਇਕ ਨਾਬਾਲਗ ਲੜਕੀ ਨਾਲ ਕਥਿਤ ਜਬਰ-ਜਨਾਹ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਪੁਲਿਸ ਮੁਲਜ਼ਮਾਂ ਵਲੋਂ ਉਸ ਦੀ ਲਾਸ਼ ਨੂੰ ਘਸੀਟ ਕੇ ਲੈ ਜਾਣ ਦਾ ਮਾਮਲਾ ਭਖਿਆ ਹੋਇਆ ਹੈ | ਹੁਣ ਇਸ ਘਟਨਾ ਦਾ ਵਿਰੋਧ ਕਰ ਰਹੇ ਸਥਾਨਕ ਲੋਕਾਂ ਨੇ ਕਾਲੀਆਗੰਜ ਥਾਣੇ ਨੂੰ ਅੱਗ ਲਗਾ ਦਿੱਤੀ ਹੈ।
ਘਟਨਾ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਕਥਿਤ ਤੌਰ ‘ਤੇ ਆਦਿਵਾਸੀ ਅਤੇ ਰਾਜਬੰਸ਼ੀ ਭਾਈਚਾਰੇ ਦੇ ਲੋਕਾਂ ਨੇ ਮੰਗਲਵਾਰ ਦੁਪਹਿਰ ਨੂੰ ਥਾਣੇ ਦਾ ‘ਘਿਰਾਓ’ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਅਤੇ ਥਾਣੇ ‘ਤੇ ਪਥਰਾਅ ਵੀ ਕੀਤਾ।
ਕਾਲੀਆਗੰਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਿਸ ਵਾਲਿਆਂ ਨੇ ਭੀੜ ‘ਤੇ ਲਾਠੀਚਾਰਜ ਕੀਤਾ ਤਾਂ ਉਨ੍ਹਾਂ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਇੱਕ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ। ਆਈਪੀਐਸ ਅਧਿਕਾਰੀ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜਿਕਰਯੋਗ ਹੈ ਕਿ ਸਹਾਇਕ ਸਬ-ਇੰਸਪੈਕਟਰ ਆਫ਼ ਪੁਲਿਸ (ਏਐਸਆਈ) ਦੇ ਦਰਜੇ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਅੱਜ ਇੱਕ ਨਾਬਾਲਗ ਦੀ ਲਾਸ਼ ਨੂੰ ਕਥਿਤ ਤੌਰ ‘ਤੇ ਘਸੀਟਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਤਿੰਨ ਏਐਸਆਈ ਕਾਲੀਆਗੰਜ ਥਾਣੇ ਵਿੱਚ ਅਤੇ ਇੱਕ ਰਾਏਗੰਜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਨ |
ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਖੇਤਰ ਵਿੱਚ ਧਾਰਾ 144 ਲਾਗੂ ਰਹੇਗੀ, ਚਾਰ ਜਾਂ ਇਸ ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।