ਚੰਡੀਗੜ੍ਹ, 21 ਮਾਰਚ 2023: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਸੋਮਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਮਾਸਕੋ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਕ੍ਰੇਮਲਿਨ ‘ਚ ਸਵਾਗਤ ਕੀਤਾ। ਜਿਨਪਿੰਗ ਦਾ ਸੁਆਗਤ ਕਰਨ ਦੇ ਨਾਲ ਹੀ ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਚੀਨੀ ਰਾਸ਼ਟਰਪਤੀ ਦੀ ਯੋਜਨਾ ਦਾ ਵੀ ਸਵਾਗਤ ਕਰਦੇ ਹਨ।
ਰੂਸ-ਯੂਕਰੇਨ ‘ਚ ਚੱਲ ਰਹੀ ਜੰਗ ਦਰਮਿਆਨ ਜਿਨਪਿੰਗ-ਪੁਤਿਨ ਵਿਚਾਲੇ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ।ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਨੂੰ ਅਲੱਗ-ਥਲੱਗ ਕਰਨ ਦੀਆਂ ਪੱਛਮੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਵਿਚਾਲੇ ਜਿਨਪਿੰਗ ਦੀ ਮੌਜੂਦਗੀ ਨੂੰ ਪੁਤਿਨ ਲਈ ਕੂਟਨੀਤਕ ਚੁਣੌਤੀ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।
ਪੁਤਿਨ (Vladimir Putin) ਨੇ ਇਹ ਵੀ ਕਿਹਾ ਕਿ ਬੈਠਕ ਨੇ ਅਮਰੀਕਾ ਨੂੰ ਸੰਦੇਸ਼ ਦਿੱਤਾ ਹੈ ਕਿ ਦੋਵੇਂ ਦੇਸ਼ ਉਨ੍ਹਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਕਿਹਾ, ਰੂਸ ਅਤੇ ਚੀਨ ਨੂੰ ਡਰਾਉਣ ਦੀ ਅਮਰੀਕਾ ਦੀ ਨੀਤੀ ਦਿਨੋ-ਦਿਨ ਭਿਆਨਕ ਅਤੇ ਹਮਲਾਵਰ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਅਮਰੀਕੀ ਫ਼ਰਮਾਨ ਅੱਗੇ ਨਾ ਝੁਕਣ ਵਾਲਿਆਂ ਖ਼ਿਲਾਫ਼ ਹਮਲਾਵਰ ਰੁਖ਼ ਅਪਣਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਚੀਨ ਅਤੇ ਰੂਸ ਨੇ ਜਿਨਪਿੰਗ ਦੇ ਦੌਰੇ ਨੂੰ ਦੋਵਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਗੂੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਦੱਸਿਆ ਹੈ। ਕ੍ਰੇਮਲਿਨ ਨੇ ਯੂਕਰੇਨ ਲਈ ਚੀਨ ਦੀ ਸ਼ਾਂਤੀ ਯੋਜਨਾ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਪੁਤਿਨ ਅਤੇ ਜਿਨਪਿੰਗ ਵਿਚਾਲੇ ਗੱਲਬਾਤ ਦੌਰਾਨ ਇਸ ‘ਤੇ ਚਰਚਾ ਕੀਤੀ ਜਾਵੇਗੀ।