July 2, 2024 10:29 pm
ਵਿਹੜਾ ਬਾਬੁਲ ਦਾ

‘ਵਿਹੜਾ ਬਾਬੁਲ ਦਾ’ ਕਾਵਿ ਸੰਗ੍ਰਹਿ ਲੋਕ ਅਰਪਣ ਅਤੇ ਵਿਚਾਰ ਚਰਚਾ ਕਾਰਵਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਫਰਵਰੀ 2024: ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਰਾਸ਼ਟਰੀ ਕਵੀ ਸੰਗਮ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 29.02.2024 ਨੂੰ ਨੀਲਮ ਨਾਰੰਗ ਦੇ ਕਾਵਿ-ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਕਾਰਵਾਈ ਕੀਤੀ ਗਈ।

ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਨੇ ਨੀਲਮ ਨਾਰੰਗ ਨੂੰ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਹ ਕਾਵਿ-ਪੁਸਤਕ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ ਪੱਖੋਂ ਜਿਊਣ ਦਾ ਹੁਨਰ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਬਲਕਾਰ ਸਿੰਘ ਸਿੱਧੂ (ਪ੍ਰਧਾਨ, ਚੰਡੀਗੜ੍ਹ ਲੇਖਕ ਸਭਾ) ਵੱਲੋਂ ਆਖਿਆ ਗਿਆ ਕਿ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੰਜਾਬੀ ਸੱਭਿਆਚਾਰ ਅੰਦਰ ਵਿਹੜੇ ਦੇ ਸੰਕਲਪ ਨੂੰ ਮੁਖ਼ਾਤਿਬ ਹੁੰਦੀਆਂ ਆਪਸੀ ਸਾਂਝਾਂ ਦਾ ਪ੍ਰਗਟਾਵਾ ਕਰਦੀਆਂ ਹਨ। ਮੁੱਖ ਮਹਿਮਾਨ ਸ਼੍ਰੀਮਤੀ ਸੰਤੋਸ਼ ਗਰਗ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਚੰਡੀਗੜ੍ਹ) ਵੱਲੋਂ ਕਵਿੱਤਰੀ ਨੂੰ ਵਧਾਈ ਦਿੰਦਿਆਂ ਆਖਿਆ ਗਿਆ ਕਿ ਇਹ ਕਵਿਤਾਵਾਂ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਜ਼ਿੰਮੇਵਾਰੀ ਨਾਲ ਨਿਭਣ ਦਾ ਧਰਮ ਪੁਗਾਉਂਦੀਆਂ ਹਨ।

ਵਿਸ਼ੇਸ਼ ਮਹਿਮਾਨ ਮਨਮੋਹਨ ਸਿੰਘ ਦਾਊਂ (ਉੱਘੇ ਬਾਲ ਸਾਹਿਤਕਾਰ) ਵੱਲੋਂ ਆਖਿਆ ਗਿਆ ਕਿ ਇਹ ਸ਼ਾਇਰੀ ਅਤੀਤ ਅਤੇ ਵਰਤਮਾਨ ’ਚ ਪੁਲ ਦਾ ਕੰਮ ਕਰਦਿਆਂ ਮਨੁੱਖੀ ਵੇਦਨਾ ਦੀ ਕਵਿਤਾ ਹੋ ਨਿਬੜਦੀ ਹੈ ਜਿਸ ਵਿੱਚ ਜੀਵਨ ਅਕਾਂਖਿਆ ਸ਼ਾਮਲ ਹੈ। ਇਸ ਤੋਂ ਉਪਰੰਤ ਰੰਜਨ ਮੰਗੋਤਰਾ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਮੋਹਾਲੀ) ਨੇ ਆਖਿਆ ਕਿ ਕਵਿਤਾ ਸਰਲ ਭਾਵੀ ਹੋਣ ਕਰਕੇ ਸਭ ਨੂੰ ਸਮਝ ਆਉਣ ਵਾਲੀ ਹੈ।

ਪਰਚਾ ਲੇਖਕ ਸਤਬੀਰ ਕੌਰ ਵੱਲੋਂ ਆਪਣਾ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਿੱਥੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਉੱਥੇ ਇਸ ਵਿੱਚ ਆਏ ਨਵੇਂ ਸ਼ਬਦ, ਖ਼ਿਆਲ ਇਸ ਕਵਿਤਾ ਦਾ ਹਾਸਿਲ ਹਨ। ਕਵਿੱਤਰੀ ਨੇ ਇਸ ਵਿੱਚ ਠੇਠ ਪੰਜਾਬੀ ਸ਼ਬਦਾਂ ਦੀ ਸੁਚੱਜੀ ਵਰਤੋਂ ਕਰਦਿਆਂ ਇਸ ਨੂੰ ਕਵਿਤਾ ਦੀ ਭਾਸ਼ਾ ’ਚ ਗੁੰਨ੍ਹਿਆ ਹੈ।

ਕਵਿੱਤਰੀ ਨੀਲਮ ਨਾਰੰਗ ਵੱਲੋਂ ਆਪਣੀ ਸਿਰਜਣ ਪ੍ਰੀਕਿਰਿਆ ਦੀ ਗੱਲ ਕਰਦਿਆਂ ਕਿਹਾ ਗਿਆ ਕਿ ਮੈਂ ਪਹਿਲਾਂ ਹਿੰਦੀ ਵਿੱਚ ਲਿਖਦੀ ਸਾਂ ਪਰ ਮੈਂ ਆਪਣੀ ਮਾਂ-ਬੋਲੀ ਪੰਜਾਬੀ ’ਚ ਲਿਖਣ ਦੀ ਕਮੀ ਮਹਿਸੂਸ ਕਰਦਿਆਂ ਹੁਣ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ। ਇਹ ਮੇਰੀ ਪਲੇਠੀ ਪੰਜਾਬੀ ਕਵਿਤਾ ਦੀ ਪੁਸਤਕ ਹੈ ਜਿਸ ਅੰਦਰ ਮੇਰੇ ਮਨ ਦੇ ਸੱਚੇ-ਸੁੱਚੇ ਭਾਵ ਅਤੇ ਜਜ਼ਬਾਤ ਸ਼ਾਮਲ ਹਨ।

ਇਸ ਮੌਕੇ ‘ਵਿਹੜਾ ਬਾਬੁਲ ਦਾ’ ਕਾਵਿ ਸੰਗ੍ਰਹਿ ਵਿਚੋਂ ਸੁਰਜੀਤ ਸਿੰਘ ਧੀਰ, ਬਲਵਿੰਦਰ ਢਿੱਲੋਂ, ਸਵਿਤਾ ਗਰਗ, ਪ੍ਰਭਜੋਤ ਕੌਰ ਜੋਤ, ਸੀਮਾ ਗੁਪਤਾ ਅਤੇ ਬਾਬੂ ਰਾਮ ਦੀਵਾਨਾ ਵੱਲੋਂ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿਚ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਸਾਗਰ ਸਿੰਘ ਭੁਰੀਆ, ਧਿਆਨ ਸਿੰਘ ਕਾਹਲੋਂ, ਵਰਿੰਦਰ ਚੱਠਾ, ਰੇਣੁ ਅੱਬੀ, ਆਸ਼ਾ ਰਾਣੀ, ਕ੍ਰਿਸ਼ਨਾ ਗੋਇਲ, ਜਸਮੇਰ ਸਿੰਘ ਕੰਵਰ, ਚਰਨਜੀਤ ਸਿੰਘ ਕਲੇਰ, ਜਗਤਾਰ ਸਿੰਘ ਜੋਗਾ, ਮਨਜੀਤ ਪਾਲ ਸਿੰਘ, ਸੁਰਜਨ ਸਿੰਘ ਗਿੱਲ, ਸਕਿੰਦਰ ਸਿੰਘ ਪੱਲ੍ਹਾ, ਪਿਆਰਾ ਸਿੰਘ ਰਾਹੀ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਸਿੰਘ ਭਾਗੋਮਾਜਰਾ, ਛਿੱਬਰ ਸਹੇੜੀ, ਰਜਨੀ ਪਾਠਕ, ਸੁਧਾ ਜੈਨ ਸੁਦੀਪ, ਨੇਹਾ ਸ਼ਰਮਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਪਰਮਿੰਦਰ ਸੋਨੀ, ਗੁਰਵਿੰਦਰ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਿਲ ਪ੍ਰੀਤ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।