ਦਿੱਲੀ, 20 ਮਈ 2025: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਜਿਸਦੇ ਚੱਲਦੇ ਤਾਪਮਾਨ ਵਧਣ ਕਾਰਨ ਲੋਕ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਦਿੱਲੀ-ਐਨਸੀਆਰ ‘ਚ ਆਉਣ ਵਾਲੇ ਦਿਨਾਂ ‘ਚ ਧੂੜ ਭਰੀ ਹਨੇਰੀ ਅਤੇ ਮੀਂਹ ਦੀ ਚੇਤਾਵਨੀ (Rain Alert) ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ‘ਚ ਮੀਂਹ ਅਤੇ ਗਰਜ ਪੈ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਇਹੀ ਕਾਰਨ ਹੈ ਕਿ ਪਿਛਲੇ ਦੋ ਦਿਨਾਂ ‘ਚ ਰਾਜਧਾਨੀ ਦਿੱਲੀ ਦੇ ਵੱਧ ਤੋਂ ਵੱਧ ਤਾਪਮਾਨ ‘ਚ ਗਿਰਾਵਟ ਆਈ ਹੈ।
ਮੌਸਮ ਵਿਭਾਗ ਦੇ ਮੁਤਾਬਕ ਮੰਗਲਵਾਰ ਨੂੰ ਦਿੱਲੀ-ਐਨਸੀਆਰ ‘ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬੂੰਦਾ-ਬਾਂਦੀ ਦੀ ਸੰਭਾਵਨਾ ਹੈ, ਜਦੋਂ ਕਿ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਹੀਟ ਵੇਵ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਦੇਸ਼ ਦੇ ਕਈ ਸੂਬਿਆਂ ‘ਚ ਮੀਂਹ ਦੀ ਚੇਤਾਵਨੀ (Rain Alert) ਹੈ। ਮੰਗਲਵਾਰ ਨੂੰ ਮੇਘਾਲਿਆ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ, ਅਸਾਮ, ਕਰਨਾਟਕ ਦੇ ਅੰਦਰੂਨੀ ਹਿੱਸੇ, ਮਾਹੇ, ਕੋਂਕਣ, ਪੁਡੂਚੇਰੀ, ਗੋਆ ਸਮੇਤ ਕੋਡਾਈਕਨਾਲ ਦੇ ਕੁਝ ਇਲਾਕਿਆਂ ‘ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, ਮੰਗਲਵਾਰ ਨੂੰ ਹੀ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਮਰਾਠਵਾੜਾ, ਲਕਸ਼ਦੀਪ, ਨਾਗਾਲੈਂਡ, ਮਨੀਪੁਰ, ਤੇਲੰਗਾਨਾ, ਸਿੱਕਮ, ਪੱਛਮੀ ਬੰਗਾਲ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਮਹਾਰਾਸ਼ਟਰ ‘ਚ 25 ਮਈ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੈ।
ਮੌਸਮ ਵਿਭਾਗ ਨੇ ਹਿਮਾਚਲ ਅਤੇ ਉੱਤਰਾਖੰਡ ਦੇ ਕੁਝ ਇਲਾਕਿਆਂ ‘ਚ ਗਰਜ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਪਿਲਾਨੀ ਅਤੇ ਗੰਗਾਨਗਰ ‘ਚ ਵੱਧ ਤੋਂ ਵੱਧ ਤਾਪਮਾਨ 46.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕ੍ਰਮਵਾਰ 4.8 ਡਿਗਰੀ ਅਤੇ 3.5 ਡਿਗਰੀ ਵੱਧ ਸੀ।
ਇਸ ਕਾਰਨ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਹੇਠਲੇ ਪੱਧਰ ‘ਤੇ ਹਵਾਵਾਂ ਦੀ ਦਿਸ਼ਾ ‘ਚ ਬਦਲਾਅ ਆਵੇਗਾ ਅਤੇ ਹੁਣ ਪੂਰਬੀ ਦਿਸ਼ਾ ਤੋਂ ਨਮੀ ਵਾਲੀਆਂ ਹਵਾਵਾਂ ਵਗਣਾ ਸ਼ੁਰੂ ਹੋ ਜਾਣਗੀਆਂ। ਹਵਾ ਦੀ ਦਿਸ਼ਾ ‘ਚ ਬਦਲਾਅ ਅਤੇ ਟ੍ਰਫ ਦੀ ਨੇੜਤਾ ਦੇ ਕਾਰਨ, ਅਗਲੇ ਦੋ-ਤਿੰਨ ਦਿਨਾਂ ਲਈ ਦਿੱਲੀ ‘ਚ ਧੂੜ ਭਰੀ ਹਨੇਰੀ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
Read More: ਚੰਡੀਗੜ੍ਹ ‘ਚ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਦੀ ਭਵਿੱਖਬਾਣੀ