Punjab Weather

Weather: ਸੂਬੇ ‘ਚ ਠੰਡ ਵਧਣੀ ਹੋਈ ਸ਼ੁਰੂ, ਧੁੰਦ ਨੇ ਵੀ ਦਿਖਾਏ ਆਪਣੇ ਰੰਗ

15 ਨਵੰਬਰ 2024: ਦੇਸ਼ ਭਰ ‘ਚ ਠੰਡ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ ਅਤੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਸੰਘਣੀ ਧੁੰਦ(fog)  ਨੇ ਢੱਕਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ-ਐੱਨਸੀਆਰ ‘ਚ ਧੂੰਏਂ ਅਤੇ ਹਵਾ ਪ੍ਰਦੂਸ਼ਣ (air pollution) ਕਾਰਨ ਦਿਨ ‘ਚ ਗਰਮੀ ਮਹਿਸੂਸ ਹੁੰਦੀ ਹੈ ਪਰ ਸਵੇਰੇ-ਸ਼ਾਮ ਗੁਲਾਬੀ ਠੰਡ ਦੇ ਨਾਲ-ਨਾਲ ਹਲਕੀ ਧੁੰਦ ਵੀ ਛਾਈ ਰਹਿੰਦੀ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਵੀ ਭਾਰੀ ਮੀਂਹ ਜਾਰੀ ਹੈ। ਜੰਮੂ-ਕਸ਼ਮੀਰ ‘ਚ ਬਰਫਬਾਰੀ ਹੋ ਰਹੀ ਹੈ, ਜਦਕਿ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਜਲਦ ਹੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

 

ਠੰਡ ਵਧਣ ਦੇ ਕਾਰਨ
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਦੱਖਣੀ ਤਾਮਿਲਨਾਡੂ ਦੇ ਨੇੜੇ ਸਮੁੰਦਰ ਵਿੱਚ ਇੱਕ ਚੱਕਰਵਾਤੀ ਚੱਕਰ ਬਣ ਰਿਹਾ ਹੈ। ਇਸ ਤੋਂ ਇਲਾਵਾ ਉੱਤਰੀ ਅਫਗਾਨਿਸਤਾਨ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜੋ ਪਾਕਿਸਤਾਨ ਦੇ ਉਪਰਲੇ ਵਾਯੂਮੰਡਲ ‘ਚ ਵੀ ਚੱਕਰਵਾਤ ਦਾ ਰੂਪ ਧਾਰਨ ਕਰ ਰਹੀ ਹੈ। ਇਸ ਕਾਰਨ ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਉੱਤਰੀ ਭਾਰਤ ਵਿੱਚ ਠੰਢ ਵਧੇਗੀ। ਇਸ ਦੇ ਨਾਲ ਹੀ ਸਮੁੰਦਰ ਤਲ ਤੋਂ 12.6 ਕਿਲੋਮੀਟਰ ਦੀ ਉਚਾਈ ‘ਤੇ 120 ਗੰਢਾਂ ਦੀ ਰਫਤਾਰ ਨਾਲ ਚੱਲ ਰਹੀਆਂ ਜੈੱਟ ਸਟ੍ਰੀਮ ਹਵਾਵਾਂ ਠੰਡ ਨੂੰ ਹੋਰ ਵਧਾ ਰਹੀਆਂ ਹਨ।

 

ਆਉਣ ਵਾਲੇ ਦਿਨਾਂ ਲਈ ਪੂਰਵ ਅਨੁਮਾਨ
ਅਗਲੇ 5 ਦਿਨਾਂ ‘ਚ ਉੱਤਰ-ਪੱਛਮੀ ਭਾਰਤ ਦੇ ਘੱਟੋ-ਘੱਟ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੱਧ ਭਾਰਤ ‘ਚ ਤਾਪਮਾਨ ਮੌਜੂਦਾ ਪੱਧਰ ‘ਤੇ ਰਹੇਗਾ, ਜਦਕਿ ਪੂਰਬੀ ਭਾਰਤ ‘ਚ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਆਈਐਮਡੀ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰਾਖੰਡ, ਪੰਜਾਬ, ਹਰਿਆਣਾ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਸਿੱਕਮ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਚੰਡੀਗੜ੍ਹ ਅਤੇ ਛੱਤੀਸਗੜ੍ਹ ਵਿੱਚ 20 ਨਵੰਬਰ ਤੱਕ ਸੰਘਣੀ ਧੁੰਦ ਬਣੀ ਰਹੇਗੀ। ਇਸ ਦੇ ਨਾਲ ਹੀ ਤਾਮਿਲਨਾਡੂ, ਪੁਡੂਚੇਰੀ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਕਰਾਈਕਲ ਅਤੇ ਮਾਹੇ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

Scroll to Top