9 ਨਵੰਬਰ 2024: ਪੰਜਾਬ ਵਿੱਚ ਮੌਸਮ (weather) ਨੇ ਕਰਵਟ ਬਦਲ ਲਈ ਹੈ ਅਤੇ ਠੰਡ ਵਧਣੀ ਸ਼ੁਰੂ ਹੋ ਗਈ ਹੈ। ਇਸ ਸਮੇਂ ਪੰਜਾਬ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਠੰਡ (winter) ਵਧ ਰਹੀ ਹੈ ਉਥੇ ਹੀ ਦੱਸ ਦੇਈਏ ਕਿ ਠੰਡ ਦੇ ਨਾਲ-ਨਾਲ ਪਿੰਡਾਂ ਦੇ ਵਿੱਚ ਧੁੰਦ (fog) ਪੈਣੀ ਵੀ ਸ਼ੁਰੂ ਹੋ ਗਈ ਹੈ, ਲੋਕਾਂ ਨੇ ਸਵੇਰ-ਸ਼ਾਮ ਸਰਦੀਆਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ ਸੂਰਜ ਚਮਕਦਾ ਹੈ ਪਰ ਬੱਦਲਾਂ ਅਤੇ ਧੂੰਏਂ ਕਾਰਨ ਹਲਕੀ ਧੁੰਦ ਵਰਗਾ ਮਾਹੌਲ ਮਹਿਸੂਸ ਹੁੰਦਾ ਹੈ। ਮੌਸਮ ਵਿਭਾਗ ਮੁਤਾਬਕ 12 ਨਵੰਬਰ ਤੋਂ ਬਾਅਦ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਠੰਡ ਵਧੇਗੀ।
ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਾਰਨ ਹਵਾ ਦੀ ਗੁਣਵੱਤਾ ਵਿਗੜ ਗਈ ਹੈ। ਜਲੰਧਰ ਵਿੱਚ ਏ.ਕਿਊ.ਆਈ 174 ਹੈ। 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਨਵੰਬਰ ਦੇ ਆਖਰੀ ਹਫਤੇ ਤੋਂ ਠੰਡ ਆਪਣਾ ਰੰਗ ਦਿਖਾਏਗੀ। ਇਸ ਸਮੇਂ ਦਿਨ ਦਾ ਤਾਪਮਾਨ 29 ਡਿਗਰੀ ਅਤੇ ਰਾਤ ਦਾ ਤਾਪਮਾਨ 15.5 ਡਿਗਰੀ ਦੇ ਆਸ-ਪਾਸ ਹੈ।