ਚੰਡੀਗੜ੍ਹ, 26 ਜੁਲਾਈ 2023: ਪੰਜਾਬ ਦੇ ਮੌਸਮ ਵਿਭਾਗ ਨੇ ਅੱਜ ਪੂਰੇ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ (Heavy Rain Alert) ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਅੱਜ ਮੌਸਮ ਨੂੰ ਲੈ ਕੇ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਪੰਜਾਬ ਦੇ ਤਿੰਨੋਂ ਖਿੱਤਿਆਂ, ਦੁਆਬਾ-ਮਾਜਾ ਅਤੇ ਮਾਲਵੇ ਵਿੱਚ ਗਰਜ, ਗੜ੍ਹੇਮਾਰੀ ਨਾਲ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਫਾਜ਼ਿਲਕਾ ਅਤੇ ਮੋਗਾ ਨੂੰ ਛੱਡ ਕੇ ਕੱਲ੍ਹ ਮੌਸਮ ਅਜਿਹਾ ਹੀ ਰਹੇਗਾ।
ਖ਼ਰਾਬ ਮੌਸਮ ਕਾਰਨ ਪੰਜਾਬ ਦੇ ਪਹਿਲਾਂ ਹੀ ਪਾਣੀ ਵਿਚ ਡੁੱਬੇ ਇਲਾਕਿਆਂ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧ ਸਕਦੀਆਂ ਹਨ । ਭਾਵੇਂ ਪਿਛਲੇ 2-3 ਦਿਨਾਂ ਤੋਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਨਾ ਵਧਣ ਕਾਰਨ ਕੁਝ ਰਾਹਤ ਮਿਲੀ ਸੀ ਅਤੇ ਜਨਜੀਵਨ ਵੀ ਲੀਹ ‘ਤੇ ਆਉਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਘੱਟ ਸਕਦਾ ਹੈ। ਬਿਆਸ, ਰਾਵੀ ਅਤੇ ਸਤਲੁਜ ਦਰਿਆ ਤੇਜ਼ ਰਫ਼ਤਾਰ ਨਾਲ ਵਹਿ ਰਹੇ ਹਨ ਅਤੇ ਹੁਣ ਇਨ੍ਹਾਂ ਵਿੱਚ ਪਾਣੀ ਹੋਰ ਵਧ ਸਕਦਾ ਹੈ। ਹਾਲਾਂਕਿ ਮੰਗਲਵਾਰ ਨੂੰ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਨਹੀਂ ਵਧਿਆ। ਭਾਖੜਾ ‘ਚ ਪਾਣੀ ਦਾ ਪੱਧਰ 1656 ‘ਤੇ ਸਥਿਰ ਹੈ, ਜਦੋਂ ਕਿ ਇੱਥੇ ਖ਼ਤਰੇ ਦਾ ਬਿੰਦੂ 1680 ਫੁੱਟ ਹੈ, ਜੋ ਸਿਰਫ਼ 24 ਫੁੱਟ ਹੇਠਾਂ ਹੈ।