July 2, 2024 6:39 pm
Partap Singh Bajwa

‘ਆਪ’ ਦੇ ਜ਼ੁਲਮ ਦਾ ਵਿਰੋਧ ਕਰਨ ਲਈ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਨਾਲ ਡਟ ਕੇ ਖੜੇ ਹੋਵਾਂਗੇ’: ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 12 ਮਈ 2023: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਸ਼ੁੱਕਰਵਾਰ ਨੂੰ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਿਨ੍ਹਾਂ ਨੇ 10 ਮਈ ਨੂੰ ਲੋਕ ਸਭਾ ਜ਼ਿਮਨੀ ਚੋਣ ਵਾਲੇ ਦਿਨ ਜਲੰਧਰ ਵਿੱਚ ‘ਆਪ’ ਵਿਧਾਇਕਾਂ ਦੀ ਗੈਰ-ਕਾਨੂੰਨੀ ਮੌਜ਼ੂਦਗੀ ਦਾ ‘ਵਿਰੋਧ ਕੀਤਾ ਸੀ, ਵਿਰੁੱਧ ਝੂਠੀ ਐਫਆਈਆਰ ਦਰਜ ਕਰਨ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗ਼ੈਰ-ਜ਼ਮਾਨਤੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ‘ਤੇ ਆਈਪੀਸੀ ਦੀ ਧਾਰਾ 341, 186, 353, ਅਤੇ 148 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

“ਆਪਣੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ‘ਤੇ ਝਾਤ ਮਾਰਨ ਦੀ ਥਾਂ ‘ਆਪ’ ਸਰਕਾਰ ਨੇ ਗ਼ਲਤ ਕੰਮ ਹੋਣ ਤੋਂ ਰੋਕਣ ਵਾਲੇ ‘ਤੇ ਹੀ ਕੇਸ ਦਰਜ਼ ਕੀਤਾ। ‘ਆਪ’ ਦੀ ਸਰਕਾਰ ਪੰਜਾਬ ਦੀ ਸਭ ਤੋਂ ਵੱਧ ਜ਼ਾਲਮ ਸਰਕਾਰ ਹੈ। ਆਪ ਸਰਕਾਰ ਉਨ੍ਹਾਂ ਦੇ ਵਿਰੋਧ ‘ਚ ਉੱਠਦੀ ਹਰ ਇੱਕ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਬਾਜਵਾ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਸਾਥੀ ਨਾਲ ਦ੍ਰਿੜਤਾ ਨਾਲ ਖੜੇ ਹੋਵਾਂਗੇ ਜਿਵੇਂ ਕਿ ਅਸੀਂ ਪਹਿਲਾਂ ਕੀਤਾ ਸੀ ਜਦੋਂ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਝੂਠਾ ਫਸਾਇਆ ਗਿਆ ਸੀ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਇਸ ਦੌਰਾਨ ਇਹ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਸਖ਼ਤ ਥੱਪੜ ਸਾਬਤ ਹੋਇਆ ਹੈ ਜੋ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ ਕਿਉਂਕਿ ਵਿਧਾਇਕ ਖਹਿਰਾ ਨੂੰ ਕਪੂਰਥਲਾ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਬਾਜਵਾ ਨੇ ਅੱਗੇ ਕਿਹਾ, “ਖਹਿਰਾ ਦੇ ਮਾਮਲੇ ਵਿੱਚ ਸਚਾਈ ਦੀ ਜਿੱਤ ਹੋਈ ਹੈ ਅਤੇ ਮੈਨੂੰ ਯਕੀਨ ਹੈ ਕਿ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਮਾਮਲੇ ਵਿੱਚ ਵੀ ਸੱਚਾਈ ਦੀ ਜਿੱਤ ਹੋਵੇਗੀ।”