Site icon TheUnmute.com

ਕੇਂਦਰੀ ਮੰਤਰੀ ਪੀਯੂਸ਼ ਗੋਇਲ ਕੋਲ ਬਾਸਮਤੀ ਚੌਲਾਂ ‘ਤੇ ਐਮ.ਈ.ਪੀ ਦਾ ਮੁੱਦਾ ਚੁੱਕਾਂਗੇ: ਵਿਕਰਮਜੀਤ ਸਿੰਘ ਸਾਹਨੀ

Vikramjit Singh Sahney

ਅੰਮ੍ਰਿਤਸਰ/ਨਵੀਂ ਦਿੱਲੀ 14 ਸਤੰਬਰ 2023 (ਦਵਿੰਦਰ ਸਿੰਘ): ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਪੰਜਾਬ ਤੋਂ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ, ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੂੰ ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ (ਐੱਮ.ਈ.ਪੀ.) ਨੂੰ ਤਰਕਸੰਗਤ ਬਣਾਉਣ ਲਈ ਦਖਲ ਦੇਣ ਦੀ ਮੰਗ ਕਰਨਗੇ।

ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਵੱਲੋਂ ਬਾਸਮਤੀ ਚੌਲਾਂ ਦੀ ਘੱਟੋ-ਘੱਟ ਨਿਰਯਾਤ ਕੀਮਤ 1200 ਡਾਲਰ ਰੱਖੀ ਗਈ ਹੈ, ਜਿਸ ਨਾਲ ਭਾਰਤ ਤੋਂ ਹੋਣ ਵਾਲੀ ਨਿਰਯਾਤ ‘ਤੇ ਮਾੜਾ ਅਸਰ ਪੈ ਰਿਹਾ ਹੈ।
ਅੱਜ ਸਾਹਨੀ ਨੇ ਬਾਸਮਤੀ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਮੁੱਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਅੰਮ੍ਰਿਤਸਰ ਵਿਖੇ ਅਯੋਜਿਤ “ਸਰਕਾਰ ਸਨਅਤਕਾਰ ਮਿਲਣੀ” ਉਦਯੋਗਿਕ ਸੰਵਾਦ ਮੀਟਿੰਗ ਦੌਰਾਨ ਚੁੱਕਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ ਵਿਕਰਮ ਸਿੰਘ ਸਾਹਨੀ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਲਈ ਕੇਂਦਰੀ ਮੰਤਰੀ ਗੋਇਲ ਨੂੰ ਮਿਲਣ ਲਈ ਇੱਕ ਵਫਦ ਦੀ ਅਗਵਾਈ ਕਰਨ ਲਈ ਅਧਿਕਾਰਤ ਕੀਤਾ ਹੈ, ਇਸਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਆਪਣੇ ਵੱਲੋਂ ਚੌਲਾਂ ਦੇ ਨਿਰਯਾਤ ਨਿਯਮਾਂ ਵਿੱਚ ਢਿੱਲ ਦੇਣ ਸੰਬੰਧੀ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੂੰ ਇੱਕ ਅਧਿਕਾਰਤ ਪੱਤਰ ਵੀ ਲਿਖਣਗੇ।

ਸਾਹਨੀ ਕੇ ਨੇ ਦੱਸਿਆ ਕਿ ਬਾਸਮਤੀ ਚੌਲਾਂ ਤੇ ਕੇਂਦਰ ਸਰਕਾਰ ਦੇ ਘੱਟੋ-ਘੱਟ ਨਿਰਯਾਤ ਕੀਮਤ ਦੇ ਫੈਸਲੇ ਸੰਬੰਧੀ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਜੋ ਕਿ ਭਾਰਤ ਵਿੱਚ ਬਾਸਮਤੀ ਚੌਲਾਂ ਦੇ ਵਪਾਰ ਲਈ ਮੋਹਰੀ ਐਸੋਸੀਏਸ਼ਨ ਹੈ, ਵਲੋਂ ਉਹਨਾਂ ਨੂੰ ਇੱਕ ਬੇਨਤੀ ਪ੍ਰਾਪਤ ਹੋਈ ਸੀ।

ਸਾਹਨੀ (Vikramjit Singh Sahney) ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਇੱਕ ਲਿਖਤੀ ਪੱਤਰ ਵਿੱਚ ਕਿਹਾ ਕਿ ਸਾਲ 2022-23 ਲਈ ਭਾਰਤ ਵਿੱਚ ਬਾਸਮਤੀ ਚੌਲਾਂ ਦਾ ਕੁੱਲ ਉਤਪਾਦਨ 6.00 ਮਿਲੀਅਨ ਟਨ ਹੈ ਅਤੇ ਗੈਰ-ਬਾਸਮਤੀ ਚੌਲਾਂ ਦਾ ਕੁੱਲ ਉਤਪਾਦਨ 135.54 ਮਿਲੀਅਨ ਟਨ ਹੈ। ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ ‘ਤੇ ਕੋਈ ਪਾਬੰਦੀ ਨਹੀਂ ਹੈ, ਇਸ ਕਿਸਮ ਨੂੰ 20% ਨਿਰਯਾਤ ਡਿਊਟੀ ਦੇ ਨਾਲ ਅਮਰੀਕੀ $ 300 ਪ੍ਰਤੀ ਟਨ ਦੇ ਹਿਸਾਬ ਨਾਲ ਨਿਰਯਾਤ ਕਰਨ ਦੀ ਆਗਿਆ ਹੈ।

ਜਦੋਂ ਕਿ 1509 ਬਾਸਮਤੀ ਚਾਵਲ, ਜੋ ਕਿ ਚੌਲਾਂ ਦੀ ਵੱਧ ਕੀਮਤ ਵਾਲੀ ਕਿਸਮ ਹੈ, ਦੇ ਨਿਰਯਾਤ ਦੀ ਆਗਿਆ ਨਹੀਂ ਹੈ। ਸਾਹਨੀ ਨੇ ਕਿਹਾ ਕਿ ਜੇਕਰ ਚੌਲਾਂ ਦੀ ਘੱਟ ਕੀਮਤ ਵਾਲੀ ਕਿਸਮ ਭਾਰਤ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਵੱਧ ਕੀਮਤ ਵਾਲੀ ਕਿਸਮ ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਕੀਮਤਾਂ ਨੂੰ ਕੰਟਰੋਲ ਕਰਨ ਦਾ ਏਜੰਡਾ ਅਸਫਲ ਹੋ ਜਾਵੇਗਾ। ਸਾਹਨੀ ਨੇ ਧਿਆਨ ਦਿਵਾਇਆ ਕਿ ਭਾਰਤ ਸਰਕਾਰ ਦੁਆਰਾ ਪੀ.ਡੀ.ਐਸ. ਪ੍ਰਣਾਲੀ ਦੇ ਤਹਿਤ ਬਾਸਮਤੀ ਚੌਲਾਂ ਦੀ ਖਰੀਦ ਨਹੀਂ ਕੀਤੀ ਜਾਂਦੀ ਕਿਉਂਕਿ ਦੇਸ਼ ਦੀ ਸਿਰਫ 2-3% ਆਬਾਦੀ ਹੀ ਇਸ ਉੱਚ ਕੀਮਤ ਵਾਲੀ ਵਸਤੂ ਦੀ ਖਰੀਦਦਾਰ ਕਰਦੀ। ਇਸ ਲਈ ਇਹ ਕਿਸੇ ਵੀ ਤਰ੍ਹਾਂ ਦੇਸ਼ ਵਿੱਚ ਪ੍ਰਚੂਨ ਭੋਜਨ ਮਹਿੰਗਾਈ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।

ਸਾਹਨੀ ਨੇ ਕਿਹਾ ਕਿ ਇਸ ਫੈਸਲੇ ਨਾਲ ਸਾਡੇ ਦੇਸ਼ ਦੇ ਬਾਸਮਤੀ ਕਿਸਾਨਾਂ ‘ਤੇ ਵੀ ਮਾੜਾ ਅਸਰ ਪਵੇਗਾ। ਬਾਸਮਤੀ ਚਾਵਲ ਦੀਆਂ ਲਗਭਗ 40 ਕਿਸਮਾਂ ਹਨ ਜੋ USD850 ਤੋਂ USD1600 ਪ੍ਰਤੀ ਟਨ ਤੱਕ ਹਨ। ਬਾਸਮਤੀ ਚੌਲਾਂ ਦੀਆਂ ਹੇਠਲੀਆਂ ਕਿਸਮਾਂ ਦਾ ਨਿਰਯਾਤ ਬਾਜ਼ਾਰ ਵਿੱਚ 70% ਹਿੱਸਾ ਹੈ। ਭਾਰਤ ਸਰਕਾਰ ਦੁਆਰਾ ਲਗਾਏ ਗਏ ਇਸ MEP ਦਾ ਕਿਸਾਨਾਂ ਦੀ ਆਮਦਨ ‘ਤੇ ਮਾੜਾ ਅਸਰ ਪਾਵੇਗਾ ਕਿਉਂਕਿ MEP ‘ਤੇ ਫੈਸਲੇ ਨਾਲ ਕੀਮਤਾਂ ਡਿੱਗਣਗੀਆਂ।

ਸੰਸਦ ਮੈਂਬਰ ਸਾਹਨੀ ਨੇ ਅੱਗੇ ਕਿਹਾ ਕਿ 1200 ਅਮਰੀਕੀ ਡਾਲਰ ‘ਤੇ ਐਮਈਪੀ ਲਗਾਉਣ ਦਾ ਫੈਸਲਾ ਨਿਰਯਾਤ ਦੀ ਔਸਤ ਕੀਮਤ ਤੋਂ ਲਗਭਗ 350 ਅਮਰੀਕੀ ਡਾਲਰ ਜ਼ਿਆਦਾ ਹੈ। ਭਾਰਤੀ ਨਿਰਯਾਤ ਲਗਭਗ 70% 850$ ਕੀਮਤ ਵਰਗ ਵਿੱਚ ਹੈ ਜਦੋਂ ਕਿ $1200 – 1700 ਦੇ ਵਿਚਕਾਰ ਉੱਚ ਮੁੱਲ ਦਾ ਨਿਰਯਾਤ ਭਾਰਤ ਤੋਂ ਹੋਣ ਵਾਲੇ ਨਿਰਯਾਤ ਦਾ ਲਗਭਗ 25-30% ਹੈ।

ਇਸ ਫੈਸਲੇ ਨਾਲ ਸਾਡੇ ਬਾਸਮਤੀ ਚੌਲਾਂ ਦੇ ਨਿਰਯਾਤ ‘ਤੇ 70% ਅਸਰ ਪਵੇਗਾ ਅਤੇ ਭਾਰਤੀ ਨਿਰਯਾਤਕ ਆਪਣੀ ਮਿਹਨਤ ਨਾਲ ਬਣਾਏ ਖਰੀਦਦਾਰਾਂ ਨੂੰ ਪਾਕਿਸਤਾਨ ਦੇ ਹੱਥਾਂ ਵਿੱਚ ਗੁਆ ਦੇਣਗੇ, ਇਹ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਬਾਸਮਤੀ ਬਰਾਮਦ ਬਾਜ਼ਾਰ ਵਿੱਚ ਭਾਰਤ ਦਾ ਪ੍ਰਤੀਯੋਗੀ ਹੈ। ਬਾਸਮਤੀ ਦੇ ਕਾਰੋਬਾਰ ਦਾ ਪ੍ਰਮੁੱਖ ਖਰੀਦਦਾਰ ਤੁਰਕੀ ਹੈ ਜਿਸ ਦੁਆਰਾ ਹਾਲ ਹੀ ਵਿੱਚ ਸਮਾਪਤ ਹੋਏ ਇਸਤਾਂਬੁਲ ਫੂਡ ਫੇਅਰ ਵਿੱਚ ਇੱਕ ਵੀ ਭਾਰਤੀ ਕੰਪਨੀ ਨੂੰ ਕੋਈ ਨਵਾਂ ਆਰਡਰ ਨਹੀਂ ਮਿਲ ਸਕਿਆ।

 

Exit mobile version