ਮੋਹਾਲੀ, 25 ਅਗਸਤ 2025: ਪੰਜਾਬ ਦੇ 55 ਲੱਖ ਲੋੜਵੰਦ ਲੋਕਾਂ ਦੀ ਈਕੇ ਵਾਈ ਸੀ ਅਤੇ ਹੋਰ ਸ਼ਰਤਾਂ ਦੇ ਅਧਾਰ ‘ਤੇ ਮੁਫ਼ਤ ਰਾਸ਼ਨ ਦੀ ਸੁਵਿਧਾ ਤੋਂ ਵਾਂਝੇ ਰੱਖਣ ਦੇ ਮੁੱਦੇ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਸਟੈਂਡ ਦਾ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਮਰਥਨ ਕੀਤਾ ਹੈ |
ਇਸ ਮੌਕੇ ਦੋਵੇਂ ਵਿਧਾਇਕਾਂ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਲੋੜਵੰਦ ਲੋਕਾਂ ਦੇ ਮੁਫ਼ਤ ਰਾਸ਼ਨ ਨੂੰ ਬੰਦ ਕਰਨ ਦੀਆਂ ਭਾਜਪਾ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਦੇਵਾਂਗੇ ਅਤੇ ਹਰ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ |
ਬੀਤੇ ਦਿਨ ਮੋਹਾਲੀ ਦੇ ਸੈਕਟਰ 79 ਸਥਿਤ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਕਿਹਾ ਕਿ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਲੋੜਵੰਦ ਤੇ ਗਰੀਬ ਲੋਕਾਂ ਨਾਲ ਬੇ-ਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਸ. ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਜੁਲਾਈ ਮਹੀਨੇ ਪੰਜਾਬ ਦੇ 23 ਲੱਖ ਵਾਸੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਕੇ ਇਸ ਧੱਕੇਸ਼ਾਹੀ ਦੀ ਸ਼ੁਰੂਆਤ ਕੀਤੀ ਅਤੇ ਹੁਣ 30 ਸਤੰਬਰ ਤੋਂ 32 ਲੱਖ ਹੋਰ ਲੋਕਾਂ ਦੇ ਮੁਫ਼ਤ ਰਾਸ਼ਨ ਦੀ ਸਹੂਲਤ ‘ਤੇ ਤਲਵਾਰ ਲਟਕਾਈ ਜਾ ਰਹੀ ਹੈ। ਇਸ ਤਰ੍ਹਾਂ ਹੁਣ ਕੁੱਲ 55 ਲੱਖ ਲੋਕਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ‘ਚ ਹਰ ਹਰੇਕ ਤਿੰਨ ਪਰਿਵਾਰਾਂ ਪਿੱਛੇ ਇੱਕ ਦਾ ਰਾਸ਼ਨ ਕਾਰਡ ਕੱਟ ਕੇ 55 ਲੱਖ ਲੋਕਾਂ ਦੀਆਂ ਥਾਲੀਆਂ ‘ਚੋਂ ਰੋਟੀ ਦਾ ਨਿਵਾਲਾ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਭਾਜਪਾ ਦੀ ਲੋਕ ਵਿਰੋਧੀ ਮਾਨਸਿਕਤਾ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਜ਼ਾ ਦੇਣੀ ਚਾਹੁੰਦੀ ਹੈ ਕਿ ਉਹ ਦਬਾਅ ਹੇਠ ਕਿਉਂ ਨਹੀਂ ਆਉਂਦੇ।
ਉਨ੍ਹਾਂ ਕਿਹਾ ਕਿ ਮੁਫਤ ਰਾਸ਼ਨ ਬੇਲੋੜੀਆਂ ਸ਼ਰਤਾਂ ਦੇ ਬਹਾਨੇ ਨਾਲ ਬੰਦ ਕਰਨ ਦੀ ਇਹ ਸਾਜਿਸ਼ ਕਦੇ ਵੀ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਰ ਪਹੀਆ ਵਾਹਨਾਂ ਦੀ ਮਾਲਕੀ, ਸਰਕਾਰੀ ਨੌਕਰੀ, ਥੋੜ੍ਹੀ ਜ਼ਮੀਨ ਅਤੇ ਆਮਦਨ ਨੂੰ ਅਧਾਰ ਬਣਾ ਕੇ ਲੋੜਵੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਵੰਡ ਤੋਂ ਵਾਂਝਾ ਕਰਨ ਦੀ ਕੀਤੀ ਜਾ ਰਹੀ | ਇਸ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ, ਭਾਵੇਂ ਇਸ ਲਈ ਧਰਨੇ ਵੀ ਕਿਉਂ ਨਾ ਦੇਣੇ ਪੈਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਈ ਕੇ ਵਾਈ ਸੀ ਮੁਕੰਮਲ ਕਰਨ ਲਈ 6 ਮਹੀਨੇ ਦੀ ਇਜਾਜ਼ਤ ਹੋਰ ਦੇਣ ਦੀ ਮੰਗ ਭੇਜੀ ਗਈ ਹੈ ਤਾਂ ਜੋ ਇਨ੍ਹਾਂ 55 ਲੱਖ ਲੋਕਾਂ ਦੀ ਤਸਦੀਕ ਮੁਕੰਮਲ ਕਰਵਾਈ ਜਾ ਸਕੇ ਅਤੇ ਉਨ੍ਹਾਂ ਦੀ ਮੁਫ਼ਤ ਰਾਸ਼ਨ ਦੀ ਸਹੂਲਤ ਜਾਰੀ ਰੱਖੀ ਜਾ ਸਕੇ।
ਇਸ ਮੌਕੇ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇਸ਼ ‘ਤੇ ਆਏ ਹਰ ਸੰਕਟ ‘ਚ ਅੱਗੇ ਹੋ ਕੇ ਲੜਦਾ ਆਇਆ ਹੈ। ਦੇਸ਼ ਦੀ ਆਜ਼ਾਦੀ ‘ਚ ਕੁਰਬਾਨੀਆਂ ਦੇਣ ਤੋਂ ਲੈ ਕੇ ਦੇਸ਼ ਦਾ ਅਨਾਜ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਤੱਕ ਪੰਜਾਬੀਆਂ ਦਾ ਯੋਗਦਾਨ ਲਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਯੋਗਦਾਨ ਦਾ ਮੁੱਲ ਪੰਜਾਬ ਦੇ ਲੋਕਾਂ ਨਾਲ ਅਜਿਹੇ ਅਨਿਆ ਦੇ ਰੂਪ ‘ਚ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 1.53 ਕਰੋੜ ਲਾਭਪਾਤਰੀਆਂ ‘ਚੋਂ 1.29 ਕਰੋੜ ਲਾਭਪਾਤਰੀਆਂ ਦੀ ਈ ਕੇ ਵਾਈ ਸੀ ਤਸਦੀਕ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਲਾਭਪਾਤਰੀਆਂ ਦੀ ਤਸਦੀਕ ਲਈ 6 ਮਹੀਨੇ ਦਾ ਸਮਾਂ ਕੇਂਦਰ ਕੋਲੋਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਥਾਲੀਆਂ ‘ਚੋਂ ਨਾ ਤਾਂ ਕੇਂਦਰ ਨੂੰ ਰੋਟੀ ਖੋਹਣ ਦੇਵੇਗੀ, ਨਾ ਹੀ ਉਨ੍ਹਾਂ ਦੇ ਚੁਲ੍ਹਿਆਂ ਦੀ ਅੱਗ ਬੁੱਝਣ ਦੇਵੇਗੀ। ਇਸਦੇ ਦੋਵਾਂ ‘ਆਪ’ ਵਿਧਾਇਕਾਂ ਨੇ ਭਾਜਪਾ ਦੀ ਪਹਿਲਾਂ ਕਥਿਤ ਵੋਟ ਚੋਰੀ, ਗੈਰ-ਕਾਨੂੰਨੀ ਤੌਰ ਤੇ ਡਾਟਾ ਇਕੱਠਾ ਕਰਨ ਅਤੇ ਹੁਣ ਰਾਸ਼ਨ ਚੋਰੀ ਦੀਆਂ ਕਰਵਾਈਆਂ ਦੀ ਆਲੋਚਨਾ ਕੀਤੀ ਹੈ |
Read More: ਕੇਂਦਰ ਸਰਕਾਰ 8 ਲੱਖ ਰਾਸ਼ਨ ਕਾਰਡ ਕੱਟ ਕੇ ਲੋਕਾਂ ਨੂੰ ਮੁਫ਼ਤ ਰਾਸ਼ਨ ਤੋਂ ਕਰਨਾ ਚਾਹੁੰਦੀ ਹੈ ਵਾਂਝਾ: CM ਭਗਵੰਤ ਮਾਨ




