ਚੰਡੀਗੜ੍ਹ, 16 ਅਗਸਤ 2023: ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਤਾਂ ਅਸੀਂ ਬਜਰੰਗ ਦਲ (Bajrang Dal) ਨੂੰ ਬੈਨ ਨਹੀਂ ਕਰਾਂਗੇ। ਬਜਰੰਗ ਦਲ ਵਿੱਚ ਕੁਝ ਚੰਗੇ ਲੋਕ ਹੋ ਸਕਦੇ ਹਨ, ਪਰ ਅਸੀਂ ਦੰਗੇ ਜਾਂ ਹਿੰਸਾ ਵਿੱਚ ਸ਼ਾਮਲ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।
ਜਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੋਈਆਂ ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਬਜਰੰਗ ਦਲ ‘ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ। ਜਿਸ ਨੂੰ ਲੈ ਕੇ ਭਾਜਪਾ ਅਤੇ ਬਜਰੰਗ ਦਲ (Bajrang Dal) ਦੇ ਮੈਂਬਰਾਂ ਨੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।
ਦਿਗਵਿਜੇ ਸਿੰਘ ਬੁੱਧਵਾਰ ਨੂੰ ਭੋਪਾਲ ‘ਚ ਮਾਤਾ ਮੰਦਰ ਚੌਰਾਹੇ ‘ਤੇ ਅਵੰਤੀ ਬਾਈ ਲੋਧੀ ਦੀ ਮੂਰਤੀ ‘ਤੇ ਮਾਲਾਵਾਂ ਚੜ੍ਹਾਉਣ ਲਈ ਪਹੁੰਚੇ ਸਨ। ਜਦੋਂ ਮੀਡੀਆ ਨੇ ਹਿੰਦੂਤਵ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ- ਮੈਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਜਾਂ ਹਿੰਦੂ ਰਾਸ਼ਟਰ ਦੀ।