ਚੰਡੀਗੜ੍ਹ ,29 ਅਗਸਤ 2021 : ਵਿਰੋਧੀ ਧਿਰ ਦੀ ਉਪ ਨੇਤਾ ਵਿਧਾਇਕ ਬੀਬੀ ਸਰਵਜੀਤ ਕਰ ਮਾਣੂੰਕੇ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੰਮੇ ਸਮੇਂ ਤੋਂ ਕਹਿ ਰਹੀ ਹੈ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗ ਹੈ।
ਇਸੇ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਪੀਆਂ ਨੂੰ ਸਜ਼ਾਵਾਂ ਨਹੀ ਮਿਲ ਰਹੀਆਂ, ਪਰੰਤੂ ਕੈਪਟਨ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਭਾਵੇ ਕੋਈ ਵੀ ਹੱਥਕੰਡਾ ਅਪਣਾ ਲਵੇ ਪੰਜਾਬ ਦੇ ਲੋਕ ਗੁਰੂ ਸਾਹਿਬਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਉਪਰ ਮੁਆਫ਼ ਨਹੀ ਕਰਨਗੇ।
ਇਹ ਵੀ ਪੜ੍ਹੋ : ਲੋਕਾਂ ਦੀ ਸਹਿਮਤੀ ਤੋਂ ਬਗੈਰ ਡੰਪਿੰਗ ਗਰਾਊਂਡ ਨਾ ਬਣਾਇਆ ਜਾਵੇ -ਰਾਣਾ ਗਿੱਲ
ਵਿਰੋਧੀ ਧਿਰ ਦੇ ਉਪ ਨੇਤਾ ਵਿਧਾਇਕ ਬੀਬੀ ਮਾਣੂੰਕੇ ਨੇ ਪਿੰਡ ਬਾਰਦੇਕੇ, ਗਗੜਾ, ਮੀਰਪੁਰ ਹਾਂਸ, ਅਲੀਗੜ੍ਹ, ਚੀਮਨਾਂ, ਬੁਜ਼ਗਰ, ਬਰਸਾਲ, ਸੋਢੀਵਾਲ, ਜਨੇਤਪੁਰਾ, ਲੀਲਾਂ, ਗੁਰੂਸਰ, ਕਾਉਜ਼ਕੇ ਕਲਾਂ, ਡਾਂਗੀਆਂ ਆਦਿ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਮੁਆਫ਼ੀ ਦੀ ਗਰੰਟੀ ਯੋਜਨਾ ਤਹਿਤ ਲੋਕਾਂ ਨੂੰ ਜਾਗਰੂਕ ਵੀ ਕੀਤਾ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਹਾ ਸੱਚ ਸਾਬਿਤ ਹੋ ਗਿਆ ਹੈ ਅਤੇ ਹੁਣ ਤਾਂ ਕਾਂਗਰਸੀ ਖੁਦ ਵੀ ਕਹਿਣ ਲੱਗ ਪਏ ਹਨ ਕਿ ਮੁੱਖ ਮੰਤਰੀ ਕੈਪਟਨ ਅਕਾਲੀਆਂ ਨੂੰ ਲਾਭ ਪਹੁੰਚਾ ਰਿਹਾ ਹੈ, ਜਿਸ ਕਾਰਨ ਪੰਜਾਬ ਕਾਂਗਰਸ ਅੰਦਰ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।
ਉਹਨਾਂ ਆਖਿਆ ਕਿ ਇੱਕ ਪਾਸੇ ਕਾਂਗਰਸ ਦੇ ਵਿਧਾਇਕ ਹਾਈ ਕਮਾਂਡ ਨੂੰ ਮਿਲਕੇ ਕੈਪਟਨ ਨੂੰ ਕੁਰਸੀ ਤੋਂ ਖਿੱਚਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਤੇ ਦੂਜੇ ਪਾਸੇ ਕੈਪਟਨ ਆਪਣੀ ਹੋਂਦ ਬਚਾਉਣ ਲਈ ਵਿਧਾਇਕਾਂ ਨੂੰ ਪਾਰਟੀਆਂ ਕਰ ਰਹੇ ਹਨ। ਪੰਜਾਬ ਦੀ ਜਨਤਾ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਅਤੇ ਮਹਿੰਗੀ ਬਿਜਲੀ ਅਤੇ ਪਾਵਰ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਲੋਕ ਦਿਨ ਕੱਟ ਰਹੇ ਹਨ।