July 5, 2024 12:20 am
Khawaja Asif

ਅਸੀਂ ਹੀ ਅੱਤਵਾਦ ਦਾ ਬੀਜ ਬੀਜਿਆ, ਅਜਿਹਾ ਭਾਰਤ-ਇਜ਼ਰਾਈਲ ‘ਚ ਨਹੀਂ ਹੁੰਦਾ: ਪਾਕਿਸਤਾਨੀ ਰੱਖਿਆ ਮੰਤਰੀ

ਚੰਡੀਗੜ੍ਹ , 01 ਫਰਵਰੀ 2023: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ (Khawaja Asif) ਨੇ ਭਾਰਤ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਦਰਅਸਲ ਪੇਸ਼ਾਵਰ ਦੀ ਮਸਜਿਦ ‘ਚ ਹੋਏ ਆਤਮਘਾਤੀ ਹਮਲੇ ‘ਤੇ ਬੋਲਦੇ ਹੋਏ ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ ਕਿ ‘ਭਾਰਤ ਜਾਂ ਇਜ਼ਰਾਈਲ ‘ਚ ਪੂਜਾ ਕਰਨ ਵਾਲੇ ਲੋਕਾਂ ‘ਤੇ ਹਮਲੇ ਨਹੀਂ ਹੁੰਦੇ ਸਗੋਂ ਪਾਕਿਸਤਾਨ ‘ਚ ਅਜਿਹਾ ਹੋ ਰਿਹਾ ਹੈ।’ ਪਾਕਿਸਤਾਨ ਦੀ ਸੰਸਦ ‘ਚ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਹੁਣ ਅੱਤਵਾਦ ਖਿਲਾਫ ਇਕਜੁੱਟ ਹੋ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਪੇਸ਼ਾਵਰ ਦੀ ਮਸੀਤ ‘ਚ ਹੋਏ ਆਤਮਘਾਤੀ ਹਮਲੇ ‘ਚ 90 ਤੋਂ ਵੱਧ ਮਾਰੇ ਗਏ ਹਨ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ।

ਪਾਕਿਸਤਾਨੀ ਮੀਡੀਆ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ‘ਸਾਨੂੰ ਆਪਣੇ ਘਰ ਨੂੰ ਠੀਕ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਸਾਲ 2010 ‘ਚ ਪਾਕਿਸਤਾਨ ਪੀਪਲਜ਼ ਪਾਰਟੀ ਦੀ ਸਰਕਾਰ ਸਮੇਂ ਇਹ ਜੰਗ ਸਵਾਤ ਤੋਂ ਸ਼ੁਰੂ ਹੋਈ ਸੀ ਅਤੇ ਸਾਲ 2017 ‘ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਸਰਕਾਰ ਸਮੇਂ ਇਹ ਜੰਗ ਖਤਮ ਹੋ ਗਈ ਸੀ ਅਤੇ ਕਰਾਚੀ ਤੋਂ ਸਵਾਤ ਤੱਕ ਸ਼ਾਂਤੀ ਸਥਾਪਿਤ ਹੋ ਗਈ ਸੀ।

ਖਵਾਜਾ ਆਸਿਫ (Khawaja Asif ) ਨੇ ਕਿਹਾ ਕਿ ਇਕ-ਦੋ ਸਾਲ ਪਹਿਲਾਂ ਅਸੀਂ ਦੋ-ਤਿੰਨ ਵਾਰ ਕਿਹਾ ਸੀ ਕਿ ਇਨ੍ਹਾਂ ਲੋਕਾਂ (ਟੀ.ਟੀ.ਪੀ.) ਨਾਲ ਗੱਲ ਕੀਤੀ ਜਾਵੇ ਤਾਂ ਕਿ ਸ਼ਾਂਤੀ ਬਣੀ ਰਹੇ। ਖਵਾਜਾ ਆਸਿਫ ਨੇ ਦੋਸ਼ ਲਾਇਆ ਕਿ ਉਸ ਵੇਲੇ ਦੀ ਸਰਕਾਰ ਨੇ ਕੋਈ ਠੋਸ ਫੈਸਲਾ ਨਹੀਂ ਲਿਆ। ਪਾਕਿਸਤਾਨ ‘ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਭਾਰਤ ਇਸ ਮੁੱਦੇ ‘ਤੇ ਕਾਫ਼ੀ ਵਿਰੋਧ ਕਰਦਾ ਆ ਰਿਹਾ ਹੈ। ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਖੁਦ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨੀ ਸੰਸਦ ‘ਚ ਬੋਲਦੇ ਹੋਏ ਖਵਾਜਾ ਆਸਿਫ ਨੇ ਕਿਹਾ ਕਿ ‘ਮੈਂ ਜ਼ਿਆਦਾ ਨਹੀਂ ਕਹਾਂਗਾ, ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅੱਤਵਾਦ ਦਾ ਬੀਜ ਬੀਜਿਆ ਸੀ’।

ਸੋਮਵਾਰ ਨੂੰ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਇੱਕ ਫਿਦਾਇਨ ਨੇ ਖੁਦ ਨੂੰ ਉਡਾ ਲਿਆ। ਇਹ ਧਮਾਕਾ ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ‘ਚ ਸਥਿਤ ਮਸਜਿਦ ‘ਚ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ ‘ਚ ਲੋਕ ਨਮਾਜ਼ ਅਦਾ ਕਰ ਰਹੇ ਸਨ। ਧਮਾਕੇ ਕਾਰਨ ਮਸੀਤ ਦੀ ਛੱਤ ਨਮਾਜ਼ੀਆਂ ‘ਤੇ ਡਿੱਗ ਗਈ, ਜਿਸ ਕਾਰਨ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨੇ ਇਹ ਹਮਲਾ ਕੀਤਾ ਹੈ।