ਚੰਡੀਗੜ੍ਹ, 18 ਅਕਤੂਬਰ 2024: ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੇ ਅੱਜ ਫਿਨਲੈਂਡ ਵਿੱਚ ਸਿਖਲਾਈ ਲਈ ਜਾਣ ਵਾਲੇ ਅਧਿਆਪਕਾਂ ਦੇ ਪਹਿਲੇ ਬੈਚ ਨੂੰ ਰਵਾਨਾ ਕੀਤਾ | ਇਸ ਬੈਚ ‘ਚ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ੇਵਰ ਸਿੱਖਿਆ ਲਈ ਫਿਨਲੈਂਡ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਸਿੱਖਿਆ ਕ੍ਰਾਂਤੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਕੇ ਅਧਿਆਪਕਾਂ, ਵਿਦਿਆਰਥੀਆਂ ਤੇ ਸਕੂਲਾਂ ‘ਚ ਨਿਵੇਸ਼ ਕਰ ਰਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਰਹੇ |
ਮੁੱਖ ਮੰਤਰੀ (CM Bhagwant Mann) ਨੇ ਕਿਹਾ ਕਿ ਇਹ ਸਿਰਫ ਨਵੇਂ ਦੇਸ਼ ਦਾ ਸਫ਼ਰ ਹੀ ਨਹੀਂ ਹੈ, ਸਗੋਂ ਪੰਜਾਬ ‘ਚ ਸਿੱਖਿਆ ਦੇ ਭਵਿੱਖੀ ਨਕਸ਼ ਘੜਨ ਦੀ ਦਿਸ਼ਾ ‘ਚ ਨਵੀਆਂ ਅਧਿਆਪਨ ਤਕਨੀਕਾਂ, ਬਿਹਤਰੀਨ ਰਵਾਇਤਾਂ ਅਤੇ ਨਵੇਂ ਤਰੀਕਿਆਂ ਬਾਰੇ ਜਾਨਣਾ ਅਤੇ ਸਮਝਣ ਦਾ ਮੌਕਾ ਹੈ। ਸਿੱਖਿਆ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸੂਬੇ ‘ਚ ਪੰਜਾਬ ਸਰਕਾਰ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਉੱਚ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਤੋਂ 72 ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦਾ ਉਪਰਾਲਾ ਸਿੱਖਿਆ ਦੇ ਮੰਤਵ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਫਿਨਲੈਂਡ ਨੂੰ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਢਾਂਚੇ ਲਈ ਦੁਨੀਆ ਭਰ ‘ਚ ਮਸ਼ਹੂਰ ਹੈ। ਇਹ ਦੌਰਾ ਸਿਰਫ਼ ਪਾਠਕ੍ਰਮ ਤੱਕ ਸੀਮਤ ਨਹੀਂ ਹੈ, ਸਗੋਂ ਇਸ ਰਾਹੀਂ ਪੜ੍ਹਾਈ ਦੀ ਵਿਧੀ, ਫ਼ਲਸਫ਼ੇ ਅਤੇ ਸਿਰਜਣਾ ਤੇ ਨਵੀਨਤਾਕਾਰੀ ਨੂੰ ਉਤਸ਼ਾਹਿਤ ਕਰਨ ਦਾ ਸੱਭਿਆਚਾਰ ਪੈਦਾ ਕਰਨ ਲਈ ਵੀ ਹੈ |
ਉਨ੍ਹਾਂ ਦੱਸਿਆ ਕਿ ਫਿਨਲੈਂਡ ਦਾ ਸਿੱਖਿਆ ਢਾਂਚਾ ਅਧਿਆਪਕ ਦੀ ਖ਼ੁਦਮੁਖਤਾਰੀ ਅਤੇ ਵਿਦਿਆਰਥੀ ਕੇਂਦਰਿਤ ਲਰਨਿੰਗ ‘ਤੇ ਕਫੀ ਜ਼ੋਰ ਦਿੰਦਾ ਹੈ। ਪੰਜਾਬ ਸਰਕਾਰ ਪੰਜਾਬ ਦੇ ਸਿੱਖਿਆ ਢਾਂਚੇ ‘ਚ ਲਿਆਉਣਾ ਦੀ ਚਾਹਵਾਨ ਹੈ | ਅਧਿਆਪਕ ਨਾ ਸਿਰਫ਼ ਬੱਚਿਆਂ ਨੂੰ ਮਾਨਸਿਕ ਪੱਖੋਂ ਵਿਕਸਤ ਕਰਦੇ ਹਨ, ਸਗੋਂ ਬੱਚਿਆਂ ‘ਚ ਰਹਿਮ, ਜ਼ਿੰਮੇਵਾਰੀ ਅਤੇ ਨਵੀਆਂ ਖੋਜਾਂ ਲਈ ਉਤਸ਼ਾਹਿਤ ਕਰਨ ਦੀ ਭਾਵਨਾ ਭਰ ਕੇ ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ।
ਇਸਦੇ ਨਾਲ ਹੀ ਸੀਐੱਮ ਮਾਨ ਨੇ ਅਧਿਆਪਕਾਂ ਨੂੰ ਗਿਆਨ, ਸੂਝ-ਬੂਝ ਤੇ ਅਧਿਆਪਨ ਦੇ ਨਵੇਂ ਜਜ਼ਬੇ ਨਾਲ ਪਰਤਣ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਧਿਆਪਕਾਂ, ਆਪਣੇ ਵਿਦਿਆਰਥੀਆਂ ਤੇ ਆਪਣੇ ਸਕੂਲਾਂ ‘ਚ ਨਿਵੇਸ਼ ਦਾ ਸਿਲਸਿਲਾ ਜਾਰੀ ਰੱਖੇਗੀ। ਪੰਜਾਬ ਤੇ ਦੇਸ਼ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਸੀਐੱਮ ਮਾਨ ਨੇ ਸਾਰੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ |