ਸਿੰਗਾਪੁਰ, 31 ਮਈ 2025: ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਕਈ ਵਾਰ ਵਧਾਇਆ ਹੈ, ਪਰ ਸਾਨੂੰ ਬਦਲੇ ‘ਚ ਪਾਕਿਸਤਾਨ ਤੋਂ ਹਮੇਸ਼ਾ ਦੁਸ਼ਮਣੀ ਮਿਲੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ, ਅਲੱਗ-ਥਲੱਗ ਕਰਨ ਦੀ ਰਣਨੀਤੀ ਬਿਹਤਰ ਜਾਪਦੀ ਹੈ। ਜਨਰਲ ਅਨਿਲ ਚੌਹਾਨ ਨੇ ਸਿੰਗਾਪੁਰ ‘ਚ ਹੋ ਰਹੇ ਸ਼ਾਂਗਰੀ-ਲਾ ਡਾਇਲਾਗ ਵਿੱਚ ਆਪਣੇ ਸੰਬੋਧਨ ‘ਚ ਇਹ ਗੱਲ ਕਹੀ।
ਸੀਡੀਐਸ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ‘ਹੁਣ ਅਸੀਂ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਰਣਨੀਤੀ ਤੋਂ ਬਿਨਾਂ ਕੰਮ ਨਹੀਂ ਕਰ ਰਹੇ। ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ, ਤਾਂ ਪਾਕਿਸਤਾਨ ਸਮਾਜਿਕ, ਆਰਥਿਕ ਅਤੇ ਪ੍ਰਤੀ ਵਿਅਕਤੀ ਜੀਡੀਪੀ ਦੇ ਹਰ ਪੱਧਰ ‘ਤੇ ਸਾਡੇ ਤੋਂ ਅੱਗੇ ਸੀ। ਪਰ ਅੱਜ, ਵਧੇਰੇ ਵਿਭਿੰਨਤਾ ਦੇ ਬਾਵਜੂਦ, ਭਾਰਤ ਆਰਥਿਕ, ਮਨੁੱਖੀ ਵਿਕਾਸ ਅਤੇ ਸਮਾਜਿਕ ਸਦਭਾਵਨਾ ਦੇ ਮਾਮਲੇ ‘ਚ ਸਾਰੇ ਮੋਰਚਿਆਂ ‘ਤੇ ਅੱਗੇ ਹੈ।
ਇਹ ਸੰਜੋਗ ਨਾਲ ਨਹੀਂ ਹੋਇਆ ਬਲਕਿ ਇਹ ਇੱਕ ਲੰਬੇ ਸਮੇਂ ਦੀ ਰਣਨੀਤੀ ਦਾ ਨਤੀਜਾ ਹੈ।’ ਭਾਰਤ-ਪਾਕਿਸਤਾਨ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ‘ਕੂਟਨੀਤਕ ਤੌਰ ‘ਤੇ, ਸਾਲ 2014 ‘ਚ ਅਸੀਂ ਪਾਕਿਸਤਾਨ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਪਹਿਲ ਕੀਤੀ ਸੀ। ਉਸ ਸਮੇਂ, ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਸੀ, ਪਰ ਤਾੜੀ ਇੱਕ ਹੱਥ ਨਾਲ ਨਹੀਂ ਵਜਾਈ ਜਾ ਸਕਦੀ ਅਤੇ ਸਾਨੂੰ ਹਮੇਸ਼ਾ ਬਦਲੇ ‘ਚ ਦੁਸ਼ਮਣੀ ਮਿਲਦੀ ਰਹੀ। ਇਸ ਲਈ, ਇਸ ਵੇਲੇ, ਅਲੱਗ-ਥਲੱਗ ਹੋਣਾ ਇੱਕ ਚੰਗੀ ਰਣਨੀਤੀ ਹੋ ਸਕਦੀ ਹੈ।
ਉਨ੍ਹਾਂ ਕਿ ਅਸੀਂ ਰੱਖਿਆ ਆਧੁਨਿਕੀਕਰਨ ਲਈ ਸਵੈ-ਨਿਰਭਰਤਾ ਵੱਲ ਵਧ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਦੇਸ਼ ‘ਚ ਰੱਖਿਆ ਖੇਤਰ ‘ਚ ਨਵੇਂ ਸਟਾਰਟਅੱਪ, MSME ਅਤੇ ਵੱਡੇ ਉਦਯੋਗਾਂ ‘ਚ ਨਿਵੇਸ਼ ਵਧ ਰਿਹਾ ਹੈ।
CDS ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ‘ਸਾਡਾ ਪੂਰਾ ਧਿਆਨ ਹਿੰਦ ਮਹਾਸਾਗਰ ਖੇਤਰ ‘ਤੇ ਹੈ। ਖਾਸ ਕਰਕੇ ਉੱਤਰੀ ਬੰਗਾਲ ਦੀ ਖਾੜੀ ‘ਚ ਹੈ । ਸਾਡੀ ਭੂ-ਰਾਜਨੀਤਿਕ ਸਥਿਤੀ ਅਜਿਹੀ ਹੈ ਕਿ ਅਸੀਂ ਉੱਤਰ ਤੋਂ ਹਿੱਲ ਵੀ ਨਹੀਂ ਸਕਦੇ ਕਿਉਂਕਿ ਚੀਨ ਨਾਲ ਤਣਾਅ ਜਾਰੀ ਹੈ। ਨਾ ਹੀ ਅਸੀਂ ਪੂਰਬ ਵੱਲ ਵਧ ਸਕਦੇ ਹਾਂ ਕਿਉਂਕਿ ਮਿਆਂਮਾਰ ‘ਚ ਅਸਥਿਰਤਾ ਹੈ।’
CDS ਨੇ ਕਿਹਾ ਕਿ ‘ਅਸੀਂ ਰਾਜਨੀਤਿਕ ਤੌਰ ‘ਤੇ ਮੱਧ ਅਤੇ ਪੱਛਮੀ ਏਸ਼ੀਆ ਨਾਲ ਜੁੜੇ ਹੋਏ ਹਾਂ, ਪਰ ਭੂ-ਰਾਜਨੀਤਿਕ ਤੌਰ ‘ਤੇ ਵੱਖਰੇ ਹਾਂ। ਅਜਿਹੀ ਸਥਿਤੀ ‘ਚ ਸਮੁੰਦਰ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਸਾਡੇ ਟਾਪੂ ਖੇਤਰ ਸਾਨੂੰ ਹਿੰਦ ਮਹਾਸਾਗਰ ਤੱਕ ਡੂੰਘੀ ਪਹੁੰਚ ਦਿੰਦੇ ਹਨ, ਜੋ ਸਾਡੇ ਲਈ ਰਣਨੀਤਕ ਤੌਰ ‘ਤੇ ਲਾਭਦਾਇਕ ਹੈ ਅਤੇ ਸਾਨੂੰ ਇਸਦੀ ਵਰਤੋਂ ਬਹੁਤ ਸਮਝਦਾਰੀ ਨਾਲ ਕਰਨੀ ਪੈਂਦੀ ਹੈ। ਹਿੰਦ ਮਹਾਸਾਗਰ ਦੇ ਉੱਤਰ ‘ਚ ਕੁਝ ਖੇਤਰ ਹਮੇਸ਼ਾ ਸਾਡੇ ਲਈ ਚਿੰਤਾ ਦਾ ਵਿਸ਼ਾ ਰਹੇ ਹਨ, ਪਰ ਸਾਨੂੰ ਆਪਣੇ ਆਪ ਨੂੰ ਸਿਰਫ਼ ਉੱਤਰ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਹੁਣ ਅਸੀਂ ਦੱਖਣ ਵੱਲ ਵੀ ਦੇਖ ਰਹੇ ਹਾਂ, ਜਿੱਥੇ ਸਾਡੇ ਸਮੁੰਦਰੀ ਹਿੱਤਾਂ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ।
Read More: ਭਾਰਤ ਤੇ ਪਾਕਿਸਤਾਨ ਵਿਚਾਲੇ ਦੁਬਾਰਾ ਜੰਗ ਹੋਈ ਤਾਂ ਅਮਰੀਕਾ ਕੋਈ ਸਮਝੌਤਾ ਨਹੀਂ ਕਰੇਗਾ: ਡੋਨਾਲਡ ਟਰੰਪ