July 2, 2024 8:39 pm
Water Crisis

Water Crisis: ਦੇਸ਼ ਦੇ 150 ਮੁੱਖ ਜਲ ਭੰਡਾਰਾਂ ‘ਚ ਸਿਰਫ 21 ਫੀਸਦੀ ਪਾਣੀ ਬਾਕੀ, ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ‘ਚ ਖ਼ੁਲਾਸਾ

ਚੰਡੀਗੜ੍ਹ, 21 ਜੂਨ 2024: ਦੇਸ਼ ਭਰ ‘ਚ ਜਿੱਥੇ ਗਰਮੀ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਉੱਥੇ ਹੀ ਦੇਸ਼ ਭਰ ‘ਚ ਪਾਣੀ ਦਾ ਸੰਕਟ (Water Crisis) ਵੀ ਡੂੰਘਾ ਹੁੰਦਾ ਜਾ ਰਿਹਾ ਹੈ | ਕੇਂਦਰੀ ਜਲ ਕਮਿਸ਼ਨ ਦੀ ਤਾਜ਼ਾ ਰਿਪੋਰਟ ਵਿੱਚ ਕੁਝ ਅਜਿਹੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਨੇ ਸਭ ਦੇ ਹੋਸ਼ ਉਡਾ ਦਿੱਤੇ | ਕੇਂਦਰੀ ਜਲ ਕਮਿਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਦੇ 150 ਮੁੱਖ ਜਲ ਭੰਡਾਰਾਂ ਵਿੱਚ ਪਾਣੀ ਸਿਰਫ 21 ਫੀਸਦੀ ਹੀ ਰਹਿ ਗਿਆ ਹੈ।

ਦਰਅਸਲ, ਪਣ-ਬਿਜਲੀ ਪ੍ਰੋਜੈਕਟਾਂ ਅਤੇ ਪਾਣੀ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ, ਇਹਨਾਂ ਜਲ ਭੰਡਾਰਾਂ ਦੀ ਸੰਯੁਕਤ ਭੰਡਾਰਨ ਸਮਰੱਥਾ 178.784 ਅਰਬ ਕਿਊਬਿਕ ਮੀਟਰ (ਬੀਸੀਐਮ) ਹੈ, ਜੋ ਕਿ ਦੇਸ਼ ਦੀ ਕੁੱਲ ਜਲ ਭੰਡਾਰਨ ਸਮਰੱਥਾ ਦਾ ਲਗਭਗ 69.35 ਪ੍ਰਤੀਸ਼ਤ ਹੈ।

ਰਿਪੋਰਟ ਮੁਤਾਬਕ ਵੀਰਵਾਰ ਤੱਕ ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲਬੱਧ ਪਾਣੀ ਭੰਡਾਰਨ 37.662 ਬੀਸੀਐਮ ਹੈ, ਜੋ ਕਿ ਉਨ੍ਹਾਂ ਦੀ ਕੁੱਲ ਸਮਰੱਥਾ ਦਾ 21 ਪ੍ਰਤੀਸ਼ਤ ਬਣਦਾ ਹੈ। ਕੁੱਲ ਮਿਲਾ ਕੇ 150 ਜਲ ਭੰਡਾਰਾਂ ਵਿੱਚ ਉਪਲਬੱਧ ਲਾਈਵ ਸਟੋਰੇਜ 257.812 ਬੀਸੀਐਮ ਦੀ ਅਨੁਮਾਨਿਤ ਕੁੱਲ ਸਮਰੱਥਾ ਦੇ ਮੁਕਾਬਲੇ 54.310 ਬੀਸੀਐਮ ਹੈ।

ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਮੁਤਾਬਕ ਜਲ ਭੰਡਾਰਾਂ ਵਿੱਚ ਮੌਜੂਦਾ ਭੰਡਾਰਨ ਪਿਛਲੇ ਦਸ ਸਾਲਾਂ ਦੇ ਔਸਤ ਭੰਡਾਰਨ ਨਾਲੋਂ ਘੱਟ (Water Crisis) ਹੈ। ਪਹਿਲੇ ਦੋ ਹਫ਼ਤਿਆਂ ਵਿੱਚ ਜਲ ਭੰਡਾਰਾਂ ਵਿੱਚ ਕੁੱਲ ਭੰਡਾਰਨ ਲਗਭਗ 22 ਪ੍ਰਤੀਸ਼ਤ ਸੀ, ਜਦੋਂ ਕਿ ਇੱਕ ਹਫ਼ਤਾ ਪਹਿਲਾਂ ਇਹ 23 ਪ੍ਰਤੀਸ਼ਤ ਸੀ।

ਇਸ ਸੰਕਟ ‘ਚ ਘਿਰੇ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਿੱਚ ਮੌਜੂਦ ਕੁੱਲ 10 ਜਲ ਭੰਡਾਰਾਂ ਦੀ ਕੁੱਲ ਪਾਣੀ ਸਟੋਰੇਜ ਸਮਰੱਥਾ 19.663 ਬੀਸੀਐਮ ਹੈ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਨ੍ਹਾਂ ਜਲ ਭੰਡਾਰਾਂ ਵਿੱਚ ਮੌਜੂਦਾ ਜਲ ਭੰਡਾਰਨ 5.488 ਬੀ.ਸੀ.ਐਮ. ਹੈ ਜੋ ਕਿ ਪਿਛਲੇ ਸਾਲ ਨਾਲੋਂ 39 ਫੀਸਦੀ ਘੱਟ ਹੈ।

ਉੱਥੇ ਹੀ ਉੱਤਰ-ਪੂਰਬੀ ਸੂਬਿਆਂ ‘ਚ ਜਿਵੇਂ ਅਸਾਮ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ਵਿੱਚ 23 ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 20.430 ਬੀਸੀਐਮ ਹੈ। ਇਨ੍ਹਾਂ ਜਲ ਭੰਡਾਰਾਂ ਵਿੱਚ ਮੌਜੂਦਾ ਜਲ ਭੰਡਾਰਨ 3.873 ਬੀਸੀਐਮ ਹੈ, ਜੋ ਕੁੱਲ ਸਮਰੱਥਾ ਦਾ 19 ਫੀਸਦੀ ਹੈ। ਹਾਲਾਂਕਿ ਇਨ੍ਹਾਂ 23 ਜਲ ਭੰਡਾਰਾਂ ਵਿੱਚ ਪਿਛਲੇ ਸਾਲ ਦੇ 18 ਫੀਸਦੀ ਦੇ ਮੁਕਾਬਲੇ ਪਾਣੀ ਦਾ ਭੰਡਾਰ ਥੋੜ੍ਹਾ ਵਧਿਆ ਹੈ।