ਚੰਡੀਗੜ੍ਹ, 08 ਅਗਸਤ 2023: ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ ਅਤੇ ਇਕ ਪੰਜਾਬੀ ਗਾਇਕ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਵੱਲੋਂ ਇਹ ਪੁਰਸਕਾਰ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ (ਕੈਨੇਡਾ) ਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਨਾਲ ਲਹਿੰਦੇ ਪੰਜਾਬ ਦੇ ਮੁੱਖ ਪੰਜਾਬੀ ਲੇਖਕਾਂ, ਗਾਇਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦਾ ਵੀ ਸਨਮਾਨ ਕੀਤਾ ਜਾਵੇਗਾ । ਜਾਣਕਾਰੀ ਅਨੁਸਾਰ ਇਸ ਸਬੰਧ ‘ਚ ਸਮਾਗਮ 26 ਅਗਸਤ ਨੂੰ ਲਾਹੌਰ ਵਿੱਚ ਹੋਵੇਗਾ। ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਕਮੇਟੀ ਦੇ ਚੇਅਰਮੈਨ ਇਲਿਆਸ ਘੁੰਮਣ ਨੇ ਚੋਣ ਕਮੇਟੀ ਦਾ ਧੰਨਵਾਦ ਕੀਤਾ ਹੈ।
ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਸਨਮਾਨ ਨੂੰ ਲੈ ਕੇ ਧੰਨਵਾਦ ਕਰਦਿਆਂ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ‘ਵਾਰਿਸਸ਼ਾਹ ਇੰਟਰਨੈਸ਼ਨਲ ਅਵਾਰਡ ਕਮੇਟੀ’ ਦੇ ਚੇਅਰਮੈਨ, ਪਿਆਰੇ ਵੀਰ ਇਲਿਆਸ ਘੁੰਮਣ ਅਤੇ ‘ਵਾਰਿਸਸ਼ਾਹ ਇੰਟਰਨੈਸ਼ਨਲ ਅਵਾਰਡ ਕਮੇਟੀ’ ਦੇ ਸਮੂਹ ਮੈਂਬਾਰਨ ਦਾ ਬਹੁਤ ਬਹੁਤ ਸ਼ੁਕਰੀਆ।
ਉਨ੍ਹਾਂ ਕਿਹਾ ਅਦਾਰੇ ਵੱਲੋਂ ਕੀਤੇ ਜਾਣ ਵਾਲੇ ਅਜਿਹੇ ਉੱਦਮ ਦੋਵਾਂ ਪੰਜਾਬਾਂ ਦੇ ਅਦੀਬਾਂ, ਕਲਾਕਾਰਾਂ ਨੂੰ ਇੱਕ ਦੂਜੇ ਨੂੰ ਸਮਝਣ, ਪਿਆਰਨ ਤੇ ਇਕ ਦੂਜੇ ਦੇ ਹੋਰ ਨੇੜੇ ਲਿਆਉਣ ਵਾਲਾ ਸੁਲੱਖਣਾ ਉਪਰਾਲਾ ਹਨ । ਇਹ ਉਪਰਾਲੇ ਇਹ ਵੀ ਸਾਬਤ ਕਰਦੇ ਹਨ ਕਿ ਅਸੀਂ ਸਾਰੇ ਇੱਕ ਦੂਜੇ ਦੀ ਦੇਹ ਜਾਨ ਹਾਂ। ਅਸੀਂ ਇੱਕ ਸਾਂ, ਇੱਕ ਹਾਂ ਤੇ ਇੱਕ ਹੀ ਰਹਾਂਗੇ।
ਇਸ ਤੋਂ ਇਲਾਵਾ ਮੈਂ ਆਪਣੇ ਉਹਨਾਂ ਸਭਨਾਂ ਮਿਹਰਬਾਨਾਂ ਦਾ ਬਹੁਤ ਮਸ਼ਕੂਰ ਹਾਂ, ਜਿਨ੍ਹਾਂ ਨੇ ਆਪਣੇ ਵੱਲੋਂ ਪੋਸਟਾਂ ਪਾ ਕੇ (ਫੋਨ ਅਤੇ ਵਟਸਐਪ ਕਾਲਾਂ ਕਰ ਕੇ ਤੇ ਸੁਨੇਹੇ ਭੇਜ ਕੇ) ਮੈਨੂੰ ਤੇ ਮੇਰੇ ਨਾਲ ਰਵਿੰਦਰ ਰਵੀ ਤੇ ਗੁਰਦਾਸ ਮਾਨ ਹੁਰਾਂ ਦੀਆਂ ਝੋਲੀਆਂ ਆਪਣੇ ਮੁਹੱਬਤੀ ਫੁੱਲਾਂ ਨਾਲ ਭਰ ਦਿੱਤੀਆਂ ਹਨ।