Fog

ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ, ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ‘ਚ ਛਾਈ ਰਹੇਗੀ ਸੰਘਣੀ ਧੁੰਦ

ਚੰਡੀਗੜ੍ਹ, 12 ਜਨਵਰੀ 2024: ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਹਿਮਾਚਲ, ਉੱਤਰਾਖੰਡ ਤੋਂ ਲੈ ਕੇ ਯੂਪੀ-ਬਿਹਾਰ ਤੱਕ ਪੂਰੇ ਉੱਤਰੀ ਭਾਰਤ ਸ਼ੁੱਕਰਵਾਰ ਨੂੰ ਵੀ ਕੜਾਕੇ ਦੀ ਠੰਡ ਪਈ। ਕਈ ਦਿਨਾਂ ਬਾਅਦ ਦੁਪਹਿਰ ਨੂੰ ਧੁੱਪ ਨੇ ਕੁਝ ਰਾਹਤ ਦਿੱਤੀ ਪਰ ਸ਼ਾਮ ਨੂੰ ਬਰਫੀਲੀਆਂ ਹਵਾਵਾਂ ਨੇ ਠੰਡ ਵਧਾ ਦਿੱਤੀ। ਇਸ ਦੇ ਨਾਲ ਹੀ ਧੁੰਦ (Fog) ਨੇ ਰੇਲ, ਹਵਾਈ ਅਤੇ ਸੜਕੀ ਆਵਾਜਾਈ ਵਿੱਚ ਵੀ ਵਿਘਨ ਪਾਇਆ।

ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਇਨ੍ਹਾਂ ਸਾਰੀਆਂ ਥਾਵਾਂ ‘ਤੇ ਸਵੇਰੇ ਅਤੇ ਰਾਤ ਨੂੰ ਸੰਘਣੀ ਧੁੰਦ (Fog) ਛਾਈ ਰਹੇਗੀ। ਇਸ ਦਾ ਸਿੱਧਾ ਅਸਰ ਰੇਲ ਅਤੇ ਹਵਾਈ ਆਵਾਜਾਈ ਦੇ ਨਾਲ-ਨਾਲ ਸੜਕੀ ਯਾਤਰਾ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ ਵਿੱਚ ਦੋ ਦਿਨਾਂ ਤੱਕ ਠੰਢ ਦੀ ਸਥਿਤੀ ਬਣੀ ਰਹੇਗੀ।

ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਅਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਤਿੰਨ ਤੋਂ ਸੱਤ ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਬੀਤੀ ਰਾਤ ਜੰਮੂ ਵਿੱਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਜੰਮੂ ਵਿੱਚ ਰਾਤ ਦਾ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੀਨਗਰ ‘ਚ ਮਨਫੀ ਚਾਰ ਡਿਗਰੀ, ਗੁਲਮਰਗ ‘ਚ ਮਾਈਨਸ 3.2 ਡਿਗਰੀ, ਲੇਹ ‘ਚ ਮਾਈਨਸ 11.2 ਡਿਗਰੀ ਅਤੇ ਕਟੜਾ ‘ਚ 6.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। 12 ਜਨਵਰੀ ਨੂੰ ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ 23 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ।

Scroll to Top