ਪਟਿਆਲਾ ਵਿਰਾਸਤੀ

ਪਟਿਆਲਾ ਵਿਰਾਸਤੀ ਮੇਲੇ ‘ਚ ਵਾਰਿਸ ਭਰਾਵਾਂ ਦੀ ਦਿਲਕਸ਼ ਰਹੀ ਪੇਸ਼ਕਾਰੀ, ਖ਼ੂਬ ਨੱਚੇ ਦਰਸ਼ਕ

ਪਟਿਆਲਾ, 19 ਫਰਵਰੀ 2026: ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਵਿਰਾਸਤੀ ਮੇਲੇ ਦੇ ਛੇਵੇਂ ਦਿਨ ਦੀ ਲੋਕ ਗਾਇਕੀ ਤੇ ਪੌਪ ਸ਼ੋਅ ਵਾਲੀ ਸ਼ਾਮ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਆਪਣੀ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਉੱਘੇ ਗਾਇਕਾਂ ਮਾਣਕ ਅਲੀ, ਵਾਰਿਸ ਭਰਾਵਾਂ, ਕਮਲ ਹੀਰ ਅਤੇ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਇਸ ਵਿਰਾਸਤੀ ਉਤਸਵ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। ਇਸ ਮੌਕੇ ਵਾਰਿਸ ਭਰਾਵਾਂ ਵੱਲੋਂ ਗੀਤਾਂ ‘ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ ਤੇ ਤਾੜੀਆਂ ਵਜਾਈਆਂ।

ਮਨਮੋਹਨ ਵਾਰਿਸ ਨੇ ‘ਬੱਚਿਆਂ ਨੂੰ ਦੱਸਿਓ ਪੰਜਾਬ ਕਿਸ ਨੂੰ ਕਹਿੰਦੇ ਨੇ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਆਜਾ ਭਾਬੀ ਝੂਟ ਲੈ, ਨਹੀਂ..ਨਹੀਂ.. ਮੇਰਾ ਮਿੱਤਰ ਪਿਆਰਾ ਹੋਊਗਾ, ਦਿਲ ਉਡਜੂੰ ਉਡਜੂੰ ਕਰਦਾ’ ਅਤੇ ਹੋਰ ਪ੍ਰਸਿੱਧ ਗੀਤ ਗਾਏ। ਜਦਕਿ ਕਮਲ ਹੀਰ ਨੇ ‘ਕੰਮ ਕਿਸੇ ਦਾ ਰੁਕਦਾ ਨਹੀਂ, ਸਭ ਦਾ ਸਰ ਜਾਂਦਾ, ‘ਬਚਪਨ, ਕੈਂਠਾ, ਤ੍ਰਿੰਜਣ, ਨਜ਼ਾਰੇ, ਜਾਰੀ ਜੰਗ ਰੱਖਿਓ, ਮੈਂ ਤਾਂ ਭਾਰ ਵਧਾ ਲਿਆ ਲੰਮਿਆਂ ਰੂਟਾਂ ‘ਤੇ, ਸਾਨੂੰ ਚਿੱਟਿਆਂ ਟਰੱਕਾਂ ਚੋਂ, ਡਾਕਰ ਜਮੀਨ ਜਿਹੇ ਯਾਰ, ਗੱਭਰੂ ਨੂੰ ਜਿੰਦਗੀ, ਕਿਨੂੰ ਯਾਦ ਕਰ ਕਰ ਹੱਸਦੀ’ ਆਦਿ ਸਮੇਤ ਹੋਰ ਕਈ ਮਸ਼ਹੂਰ ਗੀਤ ਵੀ ਦੋਵਾਂ ਭਰਾਵਾਂ ਨੇ ਰਲਕੇ ਅੰਮਾ ਜਾਏ.. ਤੁਰ ਤੋਂ ਮਿਲੇ ਸਹਾਰੇ, ਪਿਸਟਲ ਤਾਂ ਮਿਲਣ ਬਜਾਰੋਂ, ਸਿਰ ਦੇ ਤਾਜ ਵੀ ਗਾਏ।

ਇਸ ਮੌਕੇ ਮੇਅਰ ਕੁੰਦਨ ਗੋਗੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਨਾਭਾ ਜੱਸੀ ਸੋਹੀਆਂ ਵਾਲਾ, ਏਡੀਸੀ ਸਿਮਰਪ੍ਰੀਤ ਕੌਰ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਨੋਡਲ ਅਫ਼ਸਰ ਐਸ.ਡੀ.ਐਮ ਹਰਜੋਤ ਕੌਰ ਮਾਵੀ ਨੇ ਲੋਕ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆ ਅਤੇ ਕਮਲ ਹੀਰ, ਗਾਇਕ ਮਨਮੋਹਨ ਵਾਰਿਸ ਤੇ ਮਾਣਕ ਅਲੀ ਦਾ ਸਨਮਾਨ ਕੀਤਾ।

ਇਸ ਸਮੇਂ ਮੇਅਰ ਗੋਗੀਆ, ਚੇਅਰਮੈਨ ਮਹਿਤਾ ਤੇ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਰਵਾਇਆ ਪਟਿਆਲਾ ਹੈਰੀਟੇਜ ਮੇਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਅਹਿਮ ਸਾਬਤ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵਿਰਾਸਤੀ ਮੇਲੇ ਕਰਵਾਉਣ ਲਈ ਵਧਾਈ ਵੀ ਦਿੱਤੀ।

ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਰੋਜ਼ਾ ਪਟਿਆਲਾ ਹੈਰੀਟੇਜ ਫੈਸਟੀਵਲ-2026 ਦੀ ਛੇਵੇਂ ਦਿਨ ਦੀ ਪੌਪ ਗਾਇਕੀ ਦੀ ਇਸ ਸ਼ਾਮ ਵੇਲੇ ਖਚਾਖਚ ਭਰੇ ਪੋਲੋ ਗਰਾਊਂਡ ਵਿਚ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਵਾਰਿਸ ਭਰਾਵਾਂ ਨੇ ਸੱਭਿਆਚਾਰਕ ਤੇ ਸੂਫ਼ੀ ਗੀਤ ਤੇ ਦਰਸ਼ਕਾਂ ਦੀ ਮੰਗ ਮੁਤਾਬਕ ਆਪਣੇ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਦੇ ਹੋਏ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਇਸ ਵਿਰਾਸਤੀ ਉਤਸਵ ਨੂੰ ਕਰਵਾਉਣ ‘ਤੇ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ।

ਵਾਰਿਸ ਭਰਾਵਾਂ ਨੇ ਸੁਨੇਹਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹ ਵਿਰਾਸਤੀ ਮੇਲਾ ਇੱਕ ਬਹੁਤ ਚੰਗਾ ਉਪਰਾਲਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਚੰਗਾ ਸੁਨਣ ਅਤੇ ਚੰਗਾ ਦੇਖਣ ਤਾਂ ਕਿ ਗਾਇਕ ਤੇ ਫ਼ਿਲਮੀ ਸਿਤਾਰੇ ਵਧੀਆ ਪੇਸ਼ਕਾਰੀਆਂ ਦੇਣ ਤੇ ਨੌਜਵਾਨ ਪੀੜ੍ਹੀ ਨੂੰ ਕੁਝ ਚੰਗਾ ਸਿੱਖਣ ਨੂੰ ਮਿਲੇ। ਮੰਚ ਸੰਚਾਲਣ ਸੁਮਨ ਬੱਤਰਾ ਅਤੇ ਐਨ.ਜੈਡ.ਸੀ.ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਬਾਖੂਬੀ ਕੀਤਾ।

ਸਮਾਗਮ ਮੌਕੇ ਸਭ ਤੋਂ ਪਹਿਲਾਂ ਮਾਣਕ ਅਲੀ ‘ਬਿਸਮਿਲਾ, ਰੱਬਾ ਸੋਹਣਿਆਂ ਨੂੰ ਕੈਦ ਕਰਾ ਦੇ ਤੇਰਾ ਕਿਹੜਾ ਮੁੱਲ ਲੱਗਦਾ, ਦਸਤਾਰ, ਟੱਪੇ, ਮੁੱਲਾ ਯਾਰ ਮਨਾਵਣ ਦੇ ਤੇਰੀ ਲੱਗੀ ਤੂੰ ਨਿਭਾਅ ਸਾਨੂੰ ਅਪਣੀ ਨਿਭਾਵਣ ਦੇ, ਸ਼ਾਹ ਹੁਸੈਨ ਦੀ ਕਾਫ਼ੀ ‘ਮਨ ਅਟਕਿਆ ਬੇਪਰਵਾਹ ਦੇ ਨਾਮ ਤੇ’ ਆਦਿ ਸੂਫ਼ੀ ਲੋਕ ਗੀਤ ਗਾਏ। ਇਸ ਤੋਂ ਬਾਅਦ ਕਮਲ ਹੀਰ ਨੇ ਬਚਪਨ ਨਾਲ ਸ਼ੁਰੂਆਤ ਕਰਦਿਆਂ ਆਪਣੇ ਹਿੱਟ ਗੀਤਾਂ ਦੀ ਬੌਛਾਰ ਲਾਈ ਅਤੇ ਬਾਅਦ ਵਿੱਚ ਮਨਮੋਹਨ ਵਾਰਿਸ ਨੇ ਆਪਣੇ ਗੀਤਾਂ ਦੀ ਛਹਿਬਰ ਲਗਾਈ ਤੇ ਦੋਵਾਂ ਨੇ ਆਪਣੇ ਕੁਝ ਹਿੱਟ ਗੀਤ ਰਲਕੇ ਵੀ ਗਾਏ।

Read More: ਬਲਤੇਜ ਪੰਨੂ ਵੱਲੋਂ ਪਟਿਆਲਾ ਬਾਗਾਂ ਤੇ ਰਾਗਾਂ ਦੇ ਸ਼ਹਿਰ ਦੀ ਵਿਰਾਸਤ ਸੰਭਾਲਣ ਦੀ ਅਪੀਲ

ਵਿਦੇਸ਼

Scroll to Top