ਚੰਡੀਗੜ੍ਹ, 27 ਸਤੰਬਰ 2023: ਵਹੀਦਾ ਰਹਿਮਾਨ (Waheeda Rehman) ਹਿੰਦੀ ਸਿਨੇਮਾ ਦੀਆਂ ਸਰਵੋਤਮ ਅਦਕਾਰਾਂ ‘ਚੋਂ ਇੱਕ ਹੈ। ਭਾਰਤੀ ਸਿਨੇਮਾ ‘ਚ ਆਪਣੇ ਯੋਗਦਾਨ ਲਈ ਹੁਣ ਉਨ੍ਹਾਂ ਨੂੰ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ। ਇਹ ਐਲਾਨ 26 ਸਤੰਬਰ, ਜਿਸ ਦਿਨ ਦਿੱਗਜ ਅਦਾਕਾਰ ਦੇਵ ਆਨੰਦ ਦਾ 100ਵਾਂ ਜਨਮ ਦਿਨ ਸੀ, ਉਸ ਦਿਨ ਹੋਇਆ। ਇਸ ਬਾਰੇ ਵਹੀਦਾ ਰਹਿਮਾਨ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ, “ਮੈਂ ਦੇਵ ਸਾਹਿਬ ਨਾਲ ਹੀ ਆਪਣੀ ਪਹਿਲੀ ਹਿੰਦੀ ਫ਼ਿਲਮ ਕੀਤੀ ਸੀ। ਤੇ ਅੱਜ ਇਹ ਤੋਹਫ਼ਾ ਮੈਨੂੰ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਮਿਲਿਆ।”
ਵਹੀਦਾ ਰਹਿਮਾਨ (Waheeda Rehman) ਨੇ 1955 ਵਿੱਚ ਤੇਲਗੂ ਫਿਲਮ ‘ਰੋਜੁਲੂ ਮਰਾਈ’ ਰਾਹੀਂ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਨੇ 1956 ‘ਚ CID ਫ਼ਿਲਮ ਰਾਹੀਂ debut ਕੀਤਾ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਦੇਵ ਆਨੰਦ ਸਨ। ਵਹੀਦਾ ਰਹਿਮਾਨ ਨੇ 57 ਸਾਲਾਂ ਦੇ ਆਪਣੇ ਕਰੀਅਰ ਵਿੱਚ ਲਗਭਗ 90 ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਸਿਰਫ਼ ਮੁੱਖ ਧਾਰਾ ਵਾਲੇ ਸਿਨੇਮਾ ‘ਚ ਹੀ ਨਹੀਂ, ਆਰਟ ਸਿਨੇਮਾ ‘ਚ ਵੀ ਆਪਣੀ ਅਦਾਕਾਰੀ ਨਾਲ ਕਮਾਲ ਕੀਤਾ।
ਉਨ੍ਹਾਂ ਨੇ ਬਾਲੀਵੁੱਡ ‘ਚ ਕਈ ਹਿੱਟ ਫ਼ਿਲਮਾਂ ਕੀਤੀਆਂ, ਜਿਵੇਂ ਪਿਆਸਾ, ਗਾਈਡ, ਕਾਗਜ਼ ਕੇ ਫੂਲ, ਚੌਧਵੀਂ ਕਾ ਚਾਂਦ, ਸਾਹਬ ਬੀਵੀ ਔਰ ਗੁਲਾਮ, ਖਾਮੋਸ਼ੀ, ਰੰਗ ਦੇ ਬਸੰਤ ਅਤੇ ਹੋਰ ਕਈ।
ਵਹੀਦਾ ਰਹਿਮਾਨ ਨੇ ਆਪਣੀਆਂ ਕਈ ਫ਼ਿਲਮਾਂ ਲਈ ਸਨਮਾਨ ਹਾਸਲ ਕੀਤੇ ਹਨ। ਫ਼ਿਲਮ ਰੇਸ਼ਮਾ ਅਤੇ ਸ਼ੇਰਾ ਲਈ ਸਰਵੋਤਮ ਅਭਿਨੇਤਰੀ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਾਈਡ (1965) ਅਤੇ ਨੀਲ ਕਮਲ (1968) ਲਈ ਸਰਬੋਤਮ ਅਭਿਨੇਤਰੀ ਦਾ ਫਿਲਮਫੇਅਰ ਪੁਰਸਕਾਰ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਦਮਸ਼੍ਰੀ ਅਤੇ ਪਦਮ ਭੂਸ਼ਣ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।
ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, “ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਹੀਦਾ ਰਹਿਮਾਨ ਜੀ ਨੂੰ ਭਾਰਤੀ ਸਿਨੇਮਾ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਸਾਲ ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।” 1969 ‘ਚ ਸ਼ੁਰੂ ਹੋਇਆ ਦਾਦਾ ਸਾਹਿਬ ਫਾਲਕੇ ਅਵਾਰਡ ਭਾਰਤੀ ਸਿਨੇਮਾ ਉਦਯੋਗ ਵਿੱਚ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਇਸ ਦਾ ਨਾਂ ਧੁੰਡੀਰਾਜ ਗੋਵਿੰਦ ਫਾਲਕੇ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ‘ਭਾਰਤੀ ਸਿਨੇਮਾ ਦੇ ਪਿਤਾਮਾ’ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੂੰ ਪਿਆਰ ਨਾਲ ਦਾਦਾ ਸਾਹਿਬ ਫਾਲਕੇ ਕਿਹਾ ਜਾਂਦਾ ਹੈ।
ਵਹੀਦਾ ਰਹਿਮਾਨ (Waheeda Rehman) ਇਹ ਸਨਮਾਨ ਹਾਸਲ ਕਰਨ ਵਾਲੀ ਵਹੀਦਾ ਰਹਿਮਾਨ 8ਵੀਂ ਬੀਬੀ ਕਲਾਕਾਰ ਹੈ। 54 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ਼ 7 ਬੀਬੀ ਕਲਾਕਾਰਾਂ ਨੂੰ ਹੀ ਇਹ ਐਵਾਰਡ ਮਿਲਿਆ ਹੈ। ਪਹਿਲਾ ਦਾਦਾ ਸਾਹਿਬ ਫਾਲਕੇ ਪੁਰਸਕਾਰ 1969 ਵਿੱਚ ਅਦਾਕਾਰਾ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੂਬੀ ਮੇਅਰਜ਼ (ਸੁਲੋਚਨਾ), ਕੰਨਨ ਦੇਵੀ, ਦੁਰਗਾ ਖੋਟੇ, ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 2020 ਵਿੱਚ ਦਿੱਗਜ ਅਭਿਨੇਤਰੀ ਆਸ਼ਾ ਪਾਰੇਖ ਨੂੰ ਵੀ ਦਾਦਾ ਸਾਹਿਬ ਫਾਲਕੇ ਸਨਮਾਨ ਮਿਲਿਆ ਸੀ।
ਹੁਣ ਵਹੀਦਾ ਰਹਿਮਾਨ ਨੇ ਇਹ ਪੁਰਸਕਾਰ ਮਿਲਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ, “ਮੈਂ ਜਿਹੜੀਆਂ ਫਿਲਮਾਂ ਕੀਤੀਆਂ, ਉਨ੍ਹਾਂ ਵਿੱਚ ਮੈਂ ਅਕਸਰ ਇਸ ਗੱਲ ਨੂੰ ਧਿਆਨ ਵਿੱਚ ਰੱਖਦੀ ਸੀ ਕਿ ਪ੍ਰਗਤੀਸ਼ੀਲ ਵਿਚਾਰ ਹੋਣੇ ਚਾਹੀਦੇ ਹਨ, ਬੀਬੀਆਂ ਨੂੰ ਉਹ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜੋ ਉਹ ਕਰਨਾ ਚਾਹੁੰਦੀਆਂ ਹਨ ਕਿਉਂਕਿ ਸਦੀਆਂ ਤੋਂ, ਬੀਬੀਆਂ ਨੂੰ ਅੱਗੇ ਵਧਣ, ਅਧਿਐਨ ਕਰਨ ਅਤੇ ਲਿਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਇਸ ਲਈ ਉਨ੍ਹਾਂ ਨੂੰ ਉਦੋਂ ਦਬਾਇਆ ਗਿਆ ਜਦੋਂ ਉਨ੍ਹਾਂ ਕੋਲ ਪ੍ਰਤਿਭਾ ਵੀ ਸੀ। ਉਨ੍ਹਾਂ ਅੱਗੇ ਕਿਹਾ ਕਿ, “ਮੈਂ ਵੱਖ-ਵੱਖ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੂੰ ਮਿਲੀ ਹਾਂ, ਜਦੋਂ ਮੈਂ ਬੰਗਲੌਰ ਵਿੱਚ ਸੀ, ਬਹੁਤ ਸਾਰੇ ਲੋਕ ਜੋ ਮੇਰੀ ਫੈਕਟਰੀ ਵਿੱਚ ਕੰਮ ਕਰਦੇ ਸਨ, ਆਪਣੇ ਨਾਮ ਲਿਖਣਾ ਵੀ ਨਹੀਂ ਜਾਣਦੇ ਸਨ, ਉਹ ਪੈੱਨ ਨਾਲ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਦੀ ਬਜਾਏ ਆਪਣੇ ਅੰਗੂਠੇ ਦੀ ਵਰਤੋਂ ਕਰਦੇ ਸਨ। ਇਹ ਜ਼ਰੂਰੀ ਨਹੀਂ ਕਿ ਤੁਸੀਂ ਬੀਏ ਜਾਂ ਐਮਬੀਏ ਕਰੋ, ਹਰ ਵਿਅਕਤੀ ਸਿੱਖ ਸਕਦਾ ਹੈ, ਅਤੇ ਉਨ੍ਹਾਂ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਅਖੀਰ ‘ਚ ਉਨ੍ਹਾਂ ਕਿਹਾ “ਮੈਨੂੰ ਲਗਦਾ ਹੈ ਕਿ ਔਰਤਾਂ ਵਿੱਚ ਬਹੁਤ ਤਾਕਤ ਹੁੰਦੀ ਹੈ, ਉਹਨਾਂ ਕੋਲ ਬਹੁਤ ਸਾਰਾ ਦਿਮਾਗ ਹੁੰਦਾ ਹੈ, ਜੇਕਰ ਉਹ ਪੂਰੇ ਦਿਲ ਨਾਲ ਕੰਮ ਕਰਨ ਤਾਂ ਉਹ ਬਹੁਤ ਸਫਲ ਹੋ ਸਕਦੀਆਂ ਹਨ।”