ਪ੍ਰਿੰਟ ਮੀਡੀਆ

ਸੁਵਿਧਾ ਕੇਂਦਰ ਤੇ ਸਾਂਝ ਕੇਂਦਰ ‘ਤੇ ਮਿਲਣ ਵਾਲੇ ਫਾਰਮਾਂ/ਸਰਟੀਫ਼ਿਕੇਟਾਂ ਰਾਹੀਂ 1 ਜੂਨ ਨੂੰ ਵੋਟ ਪਾਉਣ ਦਾ ਦਿੱਤਾ ਜਾਵੇਗਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਪ੍ਰੈਲ, 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੋਕ ਸਭਾ ਚੋਣਾਂ-2024 ਵਿੱਚ 80 ਫ਼ੀਸਦੀ ਤੋਂ ਵਧੇਰੇ ਮਤਦਾਨ ਕਰਵਾਉਣ ਅਤੇ ਹਰ ਵਰਗ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ’ਚੋਂ ਮਿਲਣ ਵਾਲੇ ਫਾਰਮਾਂ ਰਾਹੀਂ 1 ਜੂਨ ਨੂੰ ਵੋਟ ਪਾਉਣ ਦਾ ਸੰਦੇਸ਼ ਦਿੱਤਾ ਜਾਵੇਗਾ, ਜਿਸ ਉਪਰ ਪੰਜਾਬ ਦਾ ਚੋਣ ਮਸਕਟ ਸ਼ੇਰਾ ਵੋਟਰਾਂ ਨੂੰ ਵੋਟ ਪਾਉਣ ਲਈ ਅਪੀਲ ਕਰਦਾ ਦਿਖਾਇਆ ਗਿਆ ਹੈ।

ਇਸ ਮੁਹਿੰਮ ਦਾ ਅਗਾਜ਼ ਵਿਧਾਨ ਸਭਾ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਦੀਪਾਂਕਰ ਗਰਗ ਅਤੇ ਸਹਾਇਕ ਕਮਿਸ਼ਨਰ (ਸਿਖਲਾਈ) ਡੈਵੀ ਗੋਇਲ ਵੱਲੋਂ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਰੋਜ਼ ਸੇਵਾ ਅਤੇ ਸਾਂਝ ਕੇਂਦਰਾਂ ਉਪਰ ਹਜ਼ਾਰਾਂ ਲੋਕ ਆਉਂਦੇ ਹਨ, ਜਿਹਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਮੌਕੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਦੀਪਾਂਕਰ ਗਰਗ ਸੇਵਾ ਕੇਂਦਰ ਵਿਖੇ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਤੰਤਰ ਦੇ ਤਿਉਹਾਰ ਵਿੱਚ ਯੋਗਦਾਨ ਪਾਇਆ ਜਾਵੇ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਅੱਗੇ ਦੱਸਿਆ ਕਿ ਇਸੇ ਲੜੀ ਤਹਿਤ ਕੱਲ੍ਹ ਐਤਵਾਰ ਨੂੰ ਜ਼ੀਰਕਪੁਰ ਅਤੇ ਢਕੋਲੀ ਵਿਖੇ ਐਨ ਜੀ ਓ ਦੀ ਸਹਾਇਤਾ ਨਾਲ ਵੋਟਰ ਜਾਗਰੂਕਤਾ ਅਤੇ ਨਵੀਆਂ ਵੋਟਾਂ ਬਨਾਉਣ ਲਈ ਕੈਂਪ ਲਾਏ ਜਾਣਗੇ।

ਵਿਧਾਨ ਹਲਕਾ ਮੋਹਾਲੀ ਦੇ ਚੋਣ ਕਾਨੂਗੋ ਜਗਤਾਰ ਸਿੰਘ ਨੇ ਦੱਸਿਆ ਕਿ ਐੱਸ ਏ ਐੱਸ ਨਗਰ ਵਿਧਾਨ ਸਭਾ ਹਲਕੇ ਵਿਚ 2,30,918 ਵੋਟਾਂ ਹਨ ਅਤੇ 18 ਤੋਂ 19 ਸਾਲ ਦੀਆਂ 5435 ਨਵੀਆਂ ਵੋਟਾਂ ਰਜਿਸਟਰ ਕੀਤੀਆਂ ਗਈਆਂ ਹਨ ਅਤੇ 4 ਮਈ ਤੱਕ ਸਮੂਹ ਯੋਗ ਵੋਟਰਾਂ ਦਾ ਪੰਜੀਕਰਣ ਕੀਤਾ ਜਾਵੇਗਾ।

Scroll to Top