ਦੇਸ਼, 09 ਸਤੰਬਰ 2025: ਮੰਗਲਵਾਰ ਨੂੰ 15ਵੇਂ ਉਪ ਰਾਸ਼ਟਰਪਤੀ ਲਈ ਵੋਟਿੰਗ ਸਮਾਪਤ ਹੋ ਗਈ ਹੈ। ਸੰਸਦ ‘ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਈ। ਕੁੱਲ 781 ਸੰਸਦ ਮੈਂਬਰਾਂ ਨੇ ਚੋਣ ‘ਚ ਆਪਣੀਆਂ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਤੋਂ ਬਾਅਦ ਕੀਤੀ ਜਾਵੇਗੀ। ਨਤੀਜਾ ਰਾਤ 8 ਵਜੇ ਦੇ ਕਰੀਬ ਆ ਜਾਵੇਗਾ।
ਐਨਡੀਏ ਨੇ 68 ਸਾਲਾ ਸੀਪੀ ਰਾਧਾਕ੍ਰਿਸ਼ਨਨ ਨੂੰ ਅਤੇ ਇੰਡੀਆ ਨੇ 79 ਸਾਲਾ ਬੀ ਸੁਦਰਸ਼ਨ ਰੈਡੀ ਨੂੰ ਮੈਦਾਨ ‘ਚ ਉਤਾਰਿਆ ਹੈ। ਬੀਆਰਐਸ ਅਤੇ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚੋਣ ਤੋਂ ਦੂਰ ਰਹੀ। ਦੋਵਾਂ ਪਾਰਟੀਆਂ ਨੇ ਕਿਸੇ ਵੀ ਗਠਜੋੜ ਦਾ ਸਮਰਥਨ ਨਹੀਂ ਕੀਤਾ। ਬੀਆਰਐਸ ਦੇ 4 ਸੰਸਦ ਮੈਂਬਰ ਹਨ ਅਤੇ ਰਾਜ ਸਭਾ ‘ਚ ਬੀਜੇਡੀ ਦੇ 7 ਸੰਸਦ ਮੈਂਬਰ ਹਨ।
ਸ਼੍ਰੋਮਣੀ ਅਕਾਲੀ ਦਲ, ਜਿਸਦਾ ਲੋਕ ਸਭਾ ‘ਚ ਸਿਰਫ਼ ਇੱਕ ਸੰਸਦ ਮੈਂਬਰ ਹੈ, ਉਨ੍ਹਾਂ ਨੇ ਵੀ ਪੰਜਾਬ ‘ਚ ਹੜ੍ਹਾਂ ਕਾਰਨ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਵਾਈਐਸਆਰਸੀਪੀ ਦੇ 11 ਸੰਸਦ ਮੈਂਬਰਾਂ ਨੇ ਪਹਿਲਾਂ ਹੀ ਐਨਡੀਏ ਉਮੀਦਵਾਰ ਦੇ ਹੱਕ ‘ਚ ਵੋਟ ਪਾਉਣ ਦਾ ਫੈਸਲਾ ਕੀਤਾ ਸੀ।
ਜੇਤੂ ਉਮੀਦਵਾਰ ਜਗਦੀਪ ਧਨਖੜ ਦੀ ਜਗ੍ਹਾ ਲੈਣਗੇ। ਧਨਖੜ ਨੇ 21 ਜੁਲਾਈ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ।
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵੋਟ ਪਾਉਂਦੇ ਹਨ। ਹਾਲਾਂਕਿ, ਇਸ ਲਈ ਵ੍ਹਿਪ ਜਾਰੀ ਨਹੀਂ ਕੀਤਾ ਜਾਂਦਾ ਹੈ। ਜੇਕਰ ਸਾਰੇ ਸੰਸਦ ਮੈਂਬਰ ਪਾਰਟੀ ਲਾਈਨ ‘ਤੇ ਵੋਟ ਪਾਉਂਦੇ ਹਨ, ਤਾਂ ਐਨਡੀਏ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ 422 ਵੋਟਾਂ ਅਤੇ ਵਿਰੋਧੀ ਉਮੀਦਵਾਰ ਰੈਡੀ ਨੂੰ 319 ਵੋਟਾਂ ਮਿਲਣ ਦੀ ਉਮੀਦ ਹੈ। ਅਜਿਹੀ ਸਥਿਤੀ ‘ਚ ਰਾਧਾਕ੍ਰਿਸ਼ਨਨ ਜਿੱਤ ਸਕਦੇ ਹਨ।
Read More: PM ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਹਿਮਾਚਲ ਲਈ 1500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ