ਚੰਡੀਗੜ, 04 ਅਕਤੂਬਰ 2024: ਹਰਿਆਣਾ (Haryana) ਦੀਆਂ 90 ਵਿਧਾਨ ਸਭਾ ਸੀਟਾਂ ਲਈ ਭਲਕੇ (5 ਅਕਤੂਬਰ) ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਇਸ ਦੇ ਲਈ ਸੂਬੇ ‘ਚ 20,632 ਪੋਲਿੰਗ ਬੂਥ ਬਣਾਏ ਗਏ ਹਨ। ਇਸ ਦੇ ਲਈ ਪੋਲਿੰਗ ਟੀਮਾਂ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਛੇਤੀ ਹੀ ਉਨ੍ਹਾਂ ਨੂੰ EVM ਅਤੇ VVPAT ਮਸ਼ੀਨਾਂ ਦੇ ਨਾਲ ਭੇਜ ਦਿੱਤਾ ਜਾਵੇਗਾ।
ਪੋਲਿੰਗ ਟੀਮਾਂ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਅੱਜ ਹੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਵੋਟਾਂ ਵਾਲੇ ਦਿਨ ਉਨ੍ਹਾਂ ਨੂੰ ਕਿਹੜੇ ਬੂਥ ’ਤੇ ਤਾਇਨਾਤ ਕੀਤਾ ਜਾਣਾ ਹੈ। ਵੋਟਿੰਗ ਦੌਰਾਨ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਦੀ ਮਨਾਹੀ ਹੋਵੇਗੀ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਭਾਰਤੀ ਚੋਣ ਕਮਿਸ਼ਨ (ECI) ਨੇ ਹਰਿਆਣਾ (Haryana) ਵਿਧਾਨ ਸਭਾ ਚੋਣਾਂ ਲਈ ਚੋਣ ਬੂਥਾਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿਆਸੀ ਪਾਰਟੀਆਂ ਦੇ ਚੋਣ ਬੂਥਾਂ ‘ਤੇ ਝੰਡੇ ਅਤੇ ਪੋਸਟਰ ਲਗਾਉਣ ਦੀ ਮਨਾਹੀ ਹੋਵੇਗੀ। ਇਹ ਪੋਲਿੰਗ ਬੂਥ ਤੋਂ 200 ਮੀਟਰ ਦੀ ਦੂਰੀ ‘ਤੇ ਬਣਾਏ ਜਾਣਗੇ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਕਜ ਅਗਰਵਾਲ ਨੇ ਕਿਹਾ ਕਿ ਕਮਿਸ਼ਨ ਨੇ ਵੋਟਿੰਗ ਵਾਲੇ ਦਿਨ ਸਿਆਸੀ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਸਮਰਥਕਾਂ ਨੂੰ ਨਿਰਦੇਸ਼ ਦਿੱਤੇ ਹਨ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਵਿਧਾਨ ਸਭਾ ਆਮ ਚੋਣਾਂ 2024 ਦੀ ਤਿਆਰੀ ਲਈ ਸੂਬੇ ਦੇ ਵੱਖ-ਵੱਖ ਵਿਭਾਗ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਰਗਰਮ ਹਨ। ਵੋਟਰਾਂ ਨੂੰ ਲੋਕਤੰਤਰ ਦੇ ਇਸ ਮਹਾਨ ਤਿਉਹਾਰ ‘ਚ ਵੋਟਿੰਗ ਵਾਲੇ ਦਿਨ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪੰਕਜ ਅਗਰਵਾਲ ਨੇ ਕਿਹਾ ਕਿ ਵੋਟ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਆਈਕਨ ਨਿਯੁਕਤ ਕੀਤੇ ਗਏ ਹਨ। ਜਾਗਰੂਕਤਾ ਮੁਹਿੰਮ ਵਿੱਚ ਪ੍ਰਮੁੱਖ ਥਾਵਾਂ ‘ਤੇ ਹੋਰਡਿੰਗ/ਬੈਨਰ ਲਗਾਉਣਾ ਅਤੇ ਨਗਰ ਪਾਲਿਕਾਵਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ‘ਤੇ ਸਟਿੱਕਰ ਲਗਾਉਣਾ ਸ਼ਾਮਲ ਹੈ। ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਰਾਹੀਂ ਜਿੰਗਲ ਵੀ ਵਜਾਏ ਜਾ ਰਹੇ ਹਨ।
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਸਮੱਗਰੀ ਵੀਡੀਓਜ਼, ਸਿਨੇਮਾ ਹਾਲਾਂ ਵਿੱਚ ਜਿੰਗਲਜ਼ ਅਤੇ ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਰਾਜ ਟਰਾਂਸਪੋਰਟ ਦੀਆਂ ਬੱਸਾਂ ‘ਚ ਵਿਜ਼ੂਅਲ ਸਕਰੀਨਾਂ ਰਾਹੀਂ ਪ੍ਰਦਰਸ਼ਿਤ ਕੀਤੀ ਗਈ ਹੈ। ਇਨ੍ਹਾਂ ਯਤਨਾਂ ਦਾ ਉਦੇਸ਼ ਵੋਟਰਾਂ ਦਾ ਵੱਧ ਤੋਂ ਵੱਧ ਧਿਆਨ ਖਿੱਚਣਾ ਅਤੇ ਉਨ੍ਹਾਂ ਨੂੰ ਵੋਟਾਂ ਵਾਲੇ ਦਿਨ ਵੱਧ ਤੋਂ ਵੱਧ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਭਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਮਾਲ, ਬੈਂਕ, ਡਾਕਖਾਨੇ, ਸਿਵਲ ਹਸਪਤਾਲ ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਸਮੇਤ ਉੱਚ ਆਵਾਜਾਈ ਵਾਲੇ ਖੇਤਰਾਂ ਵਿੱਚ ਪ੍ਰਚਾਰ ਸਮੱਗਰੀ ਵੀ ਲਗਾਈ ਜਾ ਰਹੀ ਹੈ।
ਸੂਬਾ ਸਵੀਪ ਨੋਡਲ ਅਫ਼ਸਰ ਨੇ ਦੱਸਿਆ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵੱਧ ਵੋਟ ਪ੍ਰਤੀਸ਼ਤ ਹਾਸਲ ਕਰਨ ਦਾ ਟੀਚਾ ਹੈ। ਉਦਯੋਗਿਕ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਹਰਿਆਣਾ (Haryana) ‘ਚ ਵੋਟਰ ਵਜੋਂ ਰਜਿਸਟਰਡ ਆਪਣੇ ਵਰਕਰਾਂ ਨੂੰ 5 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ। ਹਰਿਆਣਾ ਕਿਰਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਪੇਂਡੂ ਖੇਤਰਾਂ ਅਤੇ ਬਹੁਮੰਜ਼ਲੀ ਸੁਸਾਇਟੀਆਂ ‘ਚ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੱਖ-ਵੱਖ ਹਲਕਿਆਂ ਦੇ ਵੋਟਰ ਕਤਾਰ ਪ੍ਰਬੰਧਨ ਐਪ ਦੀ ਵਰਤੋਂ ਕਰਕੇ ਆਪਣੇ ਸਬੰਧਤ ਪੋਲਿੰਗ ਸਟੇਸ਼ਨਾਂ ‘ਤੇ ਕਤਾਰ ‘ਚ ਖੜ੍ਹੇ ਵੋਟਰਾਂ ਨੂੰ ਟਰੈਕ ਕਰ ਸਕਦੇ ਹਨ।