July 2, 2024 7:57 pm
Voters

ਨਵ-ਨਿਯੁਕਤ ਪਟਵਾਰੀਆਂ ਨੂੰ ਪੜ੍ਹਾਇਆ ਵੋਟਰ ਜਾਗਰੂਕਤਾ ਦਾ ਪਾਠ

ਸਹਿਬਜਾਦਾ ਅਜੀਤ ਸਿੰਘ ਨਗਰ, 5 ਅਪਰੈਲ, 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਇੱਕ ਜੂਨ, 2024 ਨੂੰ 80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ ਦੇ ਲਏ ਸੰਕਲਪ ਨੂੰ ਹਾਸਲ ਕਰਨ ਲਈ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਹਰ ਇੱਕ ਯੋਗ ਵੋਟਰ (Voters) ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਤੰਤਰ ਦੇ ਇਸ ਮਹਾਂ-ਉਤਸਵ ਵਿੱਚ ਸਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਭਰ ਵਿਚ ਮੋਹਰੀ ਭੂਮਿਕਾ ਨਿਭਾਅ ਸਕੇ।

ਇਸ ਮੰਤਵ ਦੀ ਪੂਰਤੀ ਲਈ ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ, ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂਂ ਨਵ-ਨਿਯੁਕਤ ਪਟਵਾਰੀਆਂ ਨੂੰ ਵੀ ਆਨ-ਲਾਈਨ ਵਿਧੀ ਰਾਹੀਂ 01 ਅਪ੍ਰੈਲ ਤੋਂ 15 ਅਪ੍ਰੈਲ ਤੱਕ ਵੋਟ ਦੀ ਤਾਕਤ, ਲੋਕਤੰਤਰ ਦੀ ਮਜ਼ਬੂਤੀ ਲਈ ਮਾਲ ਮਹਿਕਮੇ ਦੇ ਯੋਗਦਾਨ, ਸੰਵਿਧਾਨ ਪ੍ਰਤੀ ਉਨ੍ਹਾਂ ਦੀ ਜਿੰਮੇਂਵਾਰੀ, ਵੱਖ-ਵੱਖ ਮੋਬਾਇਲ ਐਪਸ, ਵੋਟ ਬਨਾਉਣ ਤੋਂ ਲੈ ਕੇ ਵੋਟ ਦੇ ਭੁਗਤਾਨ ਤੱਕ ਦੀ ਵਿਧੀ, ਵੱਖ-ਵੱਖ ਫਾਰਮ ਅਤੇ ਉਨ੍ਹਾਂ ਵਿੱਚ ਹੋਣ ਵਾਲੇ ਇੰਦਰਾਜ ਕਰਨ ਅਤੇ ਈ ਵੀ ਐਮ, ਵੀ ਵੀ ਪੈਟ ਮਸ਼ੀਨਾਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਪਹਿਲਾਂ ਉਲੀਕੀਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ।

ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਪ੍ਰੋ. ਗੁਰਬਖਸ਼ੀਸ਼ ਸਿੰਘ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਜ਼ਿਲੇ੍ਹ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ ਚੋਣ ਪਾਠਸ਼ਾਲਾ ਬਣਾ ਕੇ ਬੂਥ ਲੈਵਲ ਅਫਸਰਾਂ, ਕੈਂਪਸ ਅੰਬੈਸਡਰਾਂ ਅਤੇ ਵਿਦਿਅਕ ਸੰਸਥਾਵਾਂ ਦੇ ਨੋਡਲ ਅਫ਼ਸਰ (ਸਵੀਪ) ਦੀਆਂ ਵਿਸ਼ੇਸ਼ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਤਹਿਤ 6 ਅਪਰੈਲ ਨੂੰ ਹਲਕਾ ਡੇਰਾਬਸੀ, 9 ਅਪਰੈਲ ਨੂੰ ਐਸ ਏ ਐਸ ਨਗਰ ਮੋਹਾਲੀ ਅਤੇ 10 ਅਪਰੈਲ ਨੂੰ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਵਰਕਸ਼ਾਪ ਲਾਈ ਜਾਵੇਗੀ ਤਾਂ ਜੋ ਬੂਥ ਪੱਧਰ ਉੱਪਰ ਸਵੀਪ ਗਤੀਵਿਧੀਆਂ ਰਾਹੀਂ ਹਰ ਇੱਕ ਯੋਗ ਵੋਟਰ (Voters) ਤੱਕ ਪਹੁੰਚ ਕੀਤੀ ਜਾ ਸਕੇ। ਇਸ ਮੌਕੇ ਚੋਣ ਕਾਨੂੰਨਗੋ ਸੁਰਿੰਦਰ ਬਤਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।