ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਪ੍ਰੈਲ 2024: ਲੋਕ ਸਭਾ ਚੋਣਾਂ ਵਿੱਚ 80 ਫ਼ੀਸਦੀ ਤੋਂ ਵਧੇਰੇ ਵੋਟ ਭੁਗਤਾਨ ਦੇ ਟੀਚੇ ਨੂੰ ਸਰ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਸਰਗਰਮੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਜ਼ਿਲ੍ਹੇ ਦੇ ਸਮੂਹ ਵੋਟਰ ਸਾਖਰਤਾ ਕਲੱਬਾਂ ਨੇ ਵੋਟ ਪਾਉਣ ਦੇ ਸੁਨੇਹੇ ਨਾਲ ਵੋਟਰ ਜਾਗਰੂਕਤਾ ਮੁਹਿੰਮ ਵਿਚ ਗਰਮਾਹਟ ਅਤੇ ਦਿਲਚਸਪੀ ਪੈਦਾ ਕਰ ਦਿੱਤੀ ਹੈ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਹਰ ਇੱਕ ਵਿਦਿਅਕ ਅਦਾਰੇ ਵਿਚ ਵੋਟਰ ਸਾਖਰਤਾ ਕਲੱਬ (ਈ ਐਲ ਸੀ) ਸਥਾਪਿਤ ਕੀਤੇ ਗਏ ਹਨ ਅਤੇ ਹਰ ਵਿਦਿਅਕ ਅਦਾਰੇ ਵਿੱਚ ਘੱਟੋ-ਘੱਟ ਦੋ ਕੈਂਪਸ ਅੰਬੇਸਡਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਦੀ ਅਗਵਾਈ ਵਿਚ ਵਿਧਾਨ ਸਭਾ ਹਲਕਾ ਖਰੜ ਵਿਖੇ ਸਵੀਪ ਗਤੀਵਿਧੀਆਂ ਦੀ ਵਾਗਡੋਰ ਨਵਦੀਪ ਚੌਧਰੀ ਨੋਡਲ ਅਫਸਰ ਅਤੇ ਕਿ੍ਰਸ਼ਨ ਅਰੋੜਾ ਸਹਾਇਕ ਸਵੀਪ ਨੋਡਲ ਅਫਸਰ ਨੇ ਸੰਭਾਲੀ ਹੋਈ ਹੈ ਜਿਸ ਤਹਿਤ ਹਰ ਸਕੂਲ ਵਿੱਚ ਲੋਕਤੰਤਰ ਦੀ ਦੀਵਾਰ ਬਣਾਈ ਜਾ ਰਹੀ ਹੈ।
ਇਸ ਵਿਚ ਪੇਂਟਿੰਗ, ਸਲੋਗਨ ਮੁਕਾਬਲੇ,ਅਤੇ ਔਰਤ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਮਹਿੰਦੀ ਲਗਾਈ ਜਾ ਰਹੀ ਹੈ। ਨੁੱਕੜ ਨਾਟਕ, ਲੋਕਤੰਤਰ ਦੀਆਂ ਬੋਲੀਆਂ ਪਾ ਕੇ ਅਤੇ ਰੈਲੀਆਂ ਕੱਢ ਕੇ ਵੋਟਰਾਂ ਨੂੰ ਵੋਟ ਪਾਉਣ ਅਤੇ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨਾਲਿਜ ਬੱਸ ਸਕੂਲ ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਵੱਲੋਂ ਸਾਇਕਲ ਰੈਲੀ ਕੱਢ ਕੇ ਵੋਟਰਾਂ ਦੇ ਘਰ-ਘਰ ਜਾ ਵੋਟ ਪਾਉਣ ਦੀ ਅਪੀਲ ਕੀਤੀ ਗਈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ, ਖਿਜਰਾਬਾਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੇ ਵਿਦਿਆਰਥੀਆਂ ਵੱਲੋਂਂ ਮਹਿੰਦੀ ਲਗਾਕੇ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ। ਇਹਨਾਂ ਪ੍ਰੋਗਰਾਮਾਂ ਦੌਰਾਨ ਵੋਟ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।