ਫਾਜ਼ਿਲਕਾ 6 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਸੇਨੂੰ ਦੁੱਗਲ, ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ ਅਤੇ ਡੀ ਈ ਓ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਫਾਜ਼ਿਲਕਾ -80 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਵਿਪਨ ਭੰਡਾਰੀ ਦੀ ਯੋਗ ਅਗਵਾਈ ਹੇਠ ਵੋਟਿੰਗ ਪੋਲ ਦੀ ਪ੍ਰਤੀਸ਼ਤਤਾ ਨੂੰ ਵੱਧ ਤੋਂ ਵੱਧ ਵਧਾਉਣ ਦੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਵੋਟਰ ਜਾਗਰੂਕਤਾ ਲਈ ਫਾਜ਼ਿਲਕਾ ਦੀ ਟੀਮ ਸਵੀਪ ਦੁਆਰਾ ਲੋਕਸਭਾ ਚੋਣਾਂ 2024 ਲਈ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਟੀਮ ਇੰਚਾਰਜ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਗੁਰਦੇਵ ਸਿੰਘ, ਸੁਰਿੰਦਰ ਸਿੰਘ ਅਤੇ ਕਰਨ ਕੁਮਾਰ ਦੇ ਸਹਿਯੋਗ ਨਾਲ ਪਿੰਡ ਲਾਧੂਕਾ ਅਤੇ ਮੰਡੀ ਲਾਧੂਕਾ ਵਿਖੇ ਕੀਤਾ ਗਿਆ।
ਇਸ ਮੌਕੇ ਟੀਮ ਦੁਆਰਾ ਸਭ ਤੋਂ ਪਹਿਲਾਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰੀ ਚੰਦ ਕੰਬੋਜ ਅਤੇ ਉਹਨਾਂ ਦੇ ਸਟਾਫ਼ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ 2024 ਲਈ ਜਾਗਰੂਕ ਕੀਤਾ ਗਿਆ। ਜਿਹਨਾਂ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਹਨ, ਉਹਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੁਕ ਕੀਤਾ ਗਿਆ ।
ਇਸ ਤੋਂ ਬਾਅਦ ਟੀਮ ਦੁਆਰਾ ਪਿੰਡ ਦੀ ਸੱਥ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਇਸ ਬਾਬਤ ਅਪੀਲ ਕੀਤੀ ਗਈ ਅਤੇ ਦੇ ਮੰਡੀ ਲਾਧੂਕਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾ ਕੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਸਬੰਧੀ ਦੱਸਿਆ ਅਤੇ ਇਸ ਵਿੱਚ ਭਾਗ ਲੈਣ ਦਾ ਅਹਿਦ ਕਰਨ ਲਈ ਕਿਹਾ ਗਿਆ।