ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਮਈ 2024: ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ) ਦੇ ਵਲੰਟੀਅਰਜ਼ ਨੇ ਵੋਟਰ ਜਾਗਰੂਕਤਾ (voter awareness) ਮੁਹਿੰਮ ਵਿੱਚ ਆਪਣੇ ਉਤਸ਼ਾਹ ਨਾਲ ਨਵੀਂ ਰੂਹ ਫੂਕ ਦਿੱਤੀ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਘਰ-ਘਰ ਇੱਕ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਯਕੀਨੀ ਤੌਰ ਤੇ ਪਹੁੰਚਾਉਣ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਾਇਕ ਰਿਟਰਨਿੰਗ ਅਫ਼ਸਰ ਕਮ ਉਪ ਮੰਡਲ ਅਫਸਰ ਦੀਪਾਂਕਰ ਗਰਗ ਦੇ ਯਤਨਾਂ ਸਦਕਾ ਸਕੂਲ ਆਫ ਐਮੀਨੈਂਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਸ਼ਹਿਬਜਾਦਾ ਅਜੀਤ ਸਿੰਘ ਨਗਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ 5 ਦੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਜ਼ ਨੇ ਜਨਤਾ ਮਾਰਕੀਟ, ਫੇਜ 3ਬੀ 2 ਮੁਹਾਲੀ ਵਿੱਚ ਵੋਟਰ ਜਾਗਰੂਕਤਾ (voter awareness) ਪ੍ਰੋਗਰਾਮ ਆਯੋਜਿਤ ਕੀਤੇ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪ੍ਰਿੰਸੀਪਲ ਸ਼ਲਿੰਦਰ ਸਿੰਘ ਅਤੇ ਕੋਰ ਕਮੇਟੀ ਮੈਬਰ ਮਿਤੇਸ਼ ਮੁਕੇਸ਼ ਜੌਹਰ ਦੀ ਅਗਵਾਈ ਵਿਚ ਜਿੱਥੇ ਫੇਜ ਪੰਜ ਦੀਆਂ ਵਲੰਟੀਅਰਾਂ ਨੇ ਗਿੱਧਾ ਪੇਸ਼ ਕੀਤਾ, ਉੱਥੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ ਨੇ ਫੇਜ 3 ਬੀ 2 ਦੀ ਮਾਰਕੀਟ ਵਿਚ ਕਾਰਾਂ ਤੇ ਸਟਿੱਕਰ ਲਾਏ ਅਤੇ ਜਨਤਾ ਮਾਰਕੀਟ ਵਿਚ ਨੁੱਕੜ ਨਾਟਕ ਟੀਮ ਵੱਲੌਂ ਡਫਲੀ ਵਜਾਉਂਦੇ ਹੋਏ ਵੋਟ ਪਾਉਣ ਦਾ ਸੁਨੇਹਾ ਦਿੱਤਾ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਮਾਰਕੀਟ ਵਿਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਮੌਕੇ ਗਰਮੀ ਦੀ ਤਪਿਸ਼ ਤੋਂ ਬਚਣ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ।