ਰੂਸ, 19 ਜੂਨ 2025: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਬੁੱਧਵਾਰ ਨੂੰ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ‘ਚ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਪੁਤਿਨ ਨੇ ਕਿਹਾ ਕਿ ਮਾਸਕੋ ਅਜਿਹਾ ਸਮਝੌਤਾ ਕਰਵਾ ਸਕਦਾ ਹੈ, ਜਿਸ ਨਾਲ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਸ਼ਾਂਤੀਪੂਰਵਕ ਢੰਗ ਨਾਲ ਚਲਾ ਸਕੇ ਅਤੇ ਇਜ਼ਰਾਈਲ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਵੀ ਦੂਰ ਕੀਤਾ ਜਾ ਸਕੇ। ਇੱਕ ਸਮਾਗਮ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਪੁਤਿਨ ਨੇ ਕਿਹਾ ਕਿ ‘ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸਦਾ ਹੱਲ ਕੀਤਾ ਜਾ ਸਕਦਾ ਹੈ।’
ਰੂਸੀ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਨੂੰ ਆਪਣਾ ਪ੍ਰਸਤਾਵ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਕਿਸੇ ‘ਤੇ ਕੁਝ ਵੀ ਨਹੀਂ ਥੋਪ ਰਹੇ। ਅਸੀਂ ਸਿਰਫ ਇਸ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਕਿ ਇਸ ਸਥਿਤੀ ‘ਚ ਕੀ ਰਸਤਾ ਹੋ ਸਕਦਾ ਹੈ। ਕੋਈ ਵੀ ਫੈਸਲਾ ਇਨ੍ਹਾਂ ਦੇਸ਼ਾਂ ਦੀ ਲੀਡਰਸ਼ਿਪ ਨੇ ਲੈਣਾ ਹੈ।
‘ਰੂਸ ਦੇ ਪੱਛਮੀ ਏਸ਼ੀਆਈ ਦੇਸ਼ਾਂ ਨਾਲ ਚੰਗੇ ਸਬੰਧ ਹਨ, ਜੋ ਇਸਨੂੰ ਈਰਾਨ-ਇਜ਼ਰਾਈਲ ਮਾਮਲੇ ‘ਚ ਇੱਕ ਚੰਗਾ ਅਤੇ ਪ੍ਰਭਾਵਸ਼ਾਲੀ ਵਿਚੋਲਾ ਬਣਾਉਂਦਾ ਹੈ। ਪੁਤਿਨ ਨੇ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਗੱਲ ਕੀਤੀ ਸੀ, ਜਿਸ ‘ਚ ਪੁਤਿਨ ਨੇ ਪੱਛਮੀ ਏਸ਼ੀਆ ‘ਚ ਸ਼ਾਂਤੀ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਟਰੰਪ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਪਹਿਲਾਂ ਰੂਸ-ਯੂਕਰੇਨ ਯੁੱਧ ‘ਚ ਜੰਗਬੰਦੀ ‘ਤੇ ਧਿਆਨ ਕੇਂਦਰਿਤ ਕਰਨ।
ਸੇਂਟ ਪੀਟਰਸਬਰਗ ‘ਚ ਅੰਤਰਰਾਸ਼ਟਰੀ ਆਰਥਿਕ ਫੋਰਮ ਦੇ ਮੌਕੇ ‘ਤੇ ਬੋਲਦਿਆਂ, ਪੁਤਿਨ ਨੇ ਕਿਹਾ ਕਿ ਰੂਸ ਦੇ ਈਰਾਨ ਨਾਲ ਚੰਗੇ ਸਬੰਧ ਹਨ ਅਤੇ ਰੂਸ ਨੇ ਈਰਾਨ ਨੂੰ ਬੁਸ਼ਹਿਰ ‘ਚ ਆਪਣਾ ਪਹਿਲਾ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ‘ਚ ਮੱਦਦ ਕੀਤੀ ਸੀ। 200 ਰੂਸੀ ਕਾਮੇ ਈਰਾਨ ਨੂੰ ਬੁਸ਼ਹਿਰ ‘ਚ ਦੋ ਹੋਰ ਪ੍ਰਮਾਣੂ ਪਲਾਂਟ ਬਣਾਉਣ ‘ਚ ਮੱਦਦ ਕਰ ਰਹੇ ਹਨ। ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਪ੍ਰਸ਼ੰਸਾ ਕੀਤੀ ਅਤੇ ਯੂਕਰੇਨ ‘ਚ ਸ਼ਾਂਤੀ ਲਿਆਉਣ ਦੇ ਉਨ੍ਹਾਂ ਦੇ ਵਾਅਦੇ ਦਾ ਵੀ ਸਮਰਥਨ ਕੀਤਾ।
Read More: Russia: ਅਜ਼ਰਬੈਜਾਨ ਹਵਾਈ ਜਹਾਜ਼ ਹਾਦਸੇ ਲਈ ਵਲਾਦੀਮੀਰ ਪੁਤਿਨ ਨੇ ਮੰਗੀ ਮੁਆਫ਼ੀ