Vivek Ramaswamy

ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਕੀਤੀ ਪੇਸ਼

ਚੰਡੀਗੜ੍ਹ, 23 ਫਰਵਰੀ 2023: ਭਾਰਤੀ-ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ (Vivek Ramaswamy) ਨੇ ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਵਿਵੇਕ ਰਾਮਾਸਵਾਮੀ ਤੋਂ ਪਹਿਲਾਂ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੈਲੀ ਵੀ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਚੁੱਕੀ ਹੈ। ਵਿਵੇਕ ਰਾਮਾਸਵਾਮੀ ਅਤੇ ਨਿੱਕੀ ਹੈਲੀ ਦੋਵਾਂ ਨੇ ਰਿਪਬਲਿਕਨ ਪਾਰਟੀ ਦੀ ਤਰਫੋਂ ਉਮੀਦਵਾਰੀ ਪੇਸ਼ ਕੀਤੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਤਰਫੋਂ ਚੋਣ ਲੜਨਗੇ।

ਕੌਣ ਹਨ ਵਿਵੇਕ ਰਾਮਾਸਵਾਮੀ ?

ਵਿਵੇਕ ਰਾਮਾਸਵਾਮੀ (Vivek Ramaswamy) ਦਾ ਜਨਮ 1985 ਵਿੱਚ ਸਿਨਸਿਨਾਟੀ, ਦੱਖਣ-ਪੱਛਮੀ ਓਹੀਓ ਵਿੱਚ ਹੋਇਆ ਸੀ। ਉਸ ਦੇ ਪਿਤਾ ਵੀ.ਜੀ. ਰਾਮਾਸਵਾਮੀ ਮੂਲ ਰੂਪ ਤੋਂ ਪਲੱਕੜ, ਕੇਰਲ ਦੇ ਰਹਿਣ ਵਾਲੇ ਹਨ। ਵਿਵੇਕ ਰਾਮਾਸਵਾਮੀ ਬਾਇਓਟੈਕ ਕਾਰੋਬਾਰ ਵਿੱਚ ਇੱਕ ਮਸ਼ਹੂਰ ਚਿਹਰਾ ਹੈ। ਰਾਮਾਸਵਾਮੀ ਦਵਾਈਆਂ ਵਿਕਸਿਤ ਕਰਨ ਲਈ ਇੱਕ ਬਾਇਓਟੈਕ ਕੰਪਨੀ ਰੋਵੈਂਟ ਸਾਇੰਸਜ਼ ਚਲਾਉਂਦੇ ਹਨ।ਉਨ੍ਹਾਂ ਨੇ 2016 ਦੀ ਸਭ ਤੋਂ ਵੱਡੀ ਬਾਇਓਟੈਕਨਾਲੋਜੀ ਫਰਮ ਮਾਇਓਵੈਂਟ ਸਾਇੰਸਜ਼ ਦੀ ਸਥਾਪਨਾ ਕੀਤੀ ਸੀ । ਉਹ ਬਾਇਓਫਾਰਮਾ ਸਪੇਸ ਵਿੱਚ ਕਈ ਹੋਰ ਕੰਪਨੀਆਂ ਦੇ ਸੰਸਥਾਪਕ ਵੀ ਹਨ |

ਵਿਵੇਕ ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਵਾਲਾ ਦੂਜਾ ਭਾਰਤੀ-ਅਮਰੀਕੀ ਬਣ ਗਿਆ ਹੈ। ਰਾਮਾਸਵਾਮੀ ਨੇ ਰਾਸ਼ਟਰਪਤੀ ਦੀ ਦਾਅਵੇਦਾਰੀ ਲਈ ਫੰਡ ਇਕੱਠਾ ਕਰਨ ਲਈ ਇੱਕ ਸਿਆਸੀ ਐਕਸ਼ਨ ਕਮੇਟੀ ਦੀ ਸਥਾਪਨਾ ਕੀਤੀ ਹੈ। ਉਹ ਅਮਰੀਕੀ ਰਾਜ ਆਇਓਵਾ ਵਿੱਚ ਆਪਣੀ ਉਮੀਦਵਾਰੀ ਦੇ ਪ੍ਰਚਾਰ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ ‘ਤੇ ਧਿਆਨ ਦੇ ਰਹੇ ਹਨ।

ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਲਈ ਚੋਣ ਲੜੇਗੀ।

Scroll to Top