July 4, 2024 9:36 pm
Vishnudev Sai

ਵਿਸ਼ਨੂੰਦੇਵ ਸਾਏ ਅੱਜ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਲੈਣਗੇ ਹਲਫ਼

ਚੰਡੀਗੜ੍ਹ, 13 ਦਸੰਬਰ 2023: ਛੱਤੀਸਗੜ੍ਹ ਦੇ ਵਿਸ਼ਨੂੰਦੇਵ ਸਾਏ (Vishnudev Sai) ਅੱਜ ਯਾਨੀ 13 ਦਸੰਬਰ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਵਿਸ਼ਨੂੰਦੇਵ ਸਾਏ ਆਦਿਵਾਸੀ ਸਮਾਜ ਨਾਲ ਸੰਬੰਧਿਤ ਹਨ ਅਤੇ ਛੱਤੀਸਗੜ੍ਹ ਦੇ ਚੌਥੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਬੁੱਧਵਾਰ ਨੂੰ ਦੁਪਹਿਰ 2 ਵਜੇ ਰਾਏਪੁਰ ‘ਚ ਸਹੁੰ ਚੁੱਕ ਸਮਾਗਮ ਹੋਵੇਗਾ।

ਸਹੁੰ ਚੁੱਕ ਸਮਾਗਮ ਰਾਜਧਾਨੀ ਰਾਏਪੁਰ ਦੇ ਸਾਇੰਸ ਕਾਲਜ ਮੈਦਾਨ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਕਈ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਕਈ ਸੀਨੀਅਰ ਆਗੂ ਇਸ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਤਿਆਰੀਆਂ ਜ਼ੋਰਾਂ ‘ਤੇ ਹਨ।

ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਮਦ ਨੂੰ ਲੈ ਕੇ ਲੋੜੀਂਦੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਇੱਕ ਏਡੀਜੀ ਪੱਧਰ ਦਾ ਅਧਿਕਾਰੀ ਅਤੇ ਚਾਰ ਆਈਜੀ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪ੍ਰੋਗਰਾਮ ਦੇ ਨਾਲ-ਨਾਲ ਟ੍ਰੈਫਿਕ ਵਿਵਸਥਾ ਦਾ ਵੀ ਧਿਆਨ ਰੱਖਿਆ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ (Vishnudev Sai) ਦੇ ਨਾਲ-ਨਾਲ ਦੋ ਉਪ ਮੁੱਖ ਮੰਤਰੀਆਂ ਸਮੇਤ ਕੈਬਨਿਟ ਵੀ ਸਹੁੰ ਚੁੱਕ ਸਕਦੇ ਹਨ। ਮੰਤਰੀ ਮੰਡਲ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੂਬੇ ਦੇ ਲੋਕ ਵੀ ਇਸ ਦੀ ਉਡੀਕ ਕਰ ਰਹੇ ਹਨ, ਹਾਲਾਂਕਿ ਕੈਬਨਿਟ ਮੈਂਬਰਾਂ ਨੂੰ ਲੈ ਕੇ ਮੰਥਨ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਡਾ: ਮਨਸੁਖ ਮਾਂਡਵੀਆ, ਭਾਜਪਾ ਦੇ ਸੂਬਾ ਇੰਚਾਰਜ ਓਮ ਮਾਥੁਰ, ਸਹਿ-ਇੰਚਾਰਜ ਨਿਤਿਨ ਨਬੀਨ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ।