July 7, 2024 6:38 pm
Virat Kohli

ਅੰਤਰਰਾਸ਼ਟਰੀ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ‘ਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਵਿਰਾਟ ਕੋਹਲੀ

ਚੰਡੀਗੜ੍ਹ, 29 ਦਸੰਬਰ 2023: ਸੇਂਚੁਰੀਅਨ ‘ਚ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਭਾਰਤ ਨੂੰ ਭਲੇ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਅਜਿਹਾ ਰਿਕਾਰਡ ਬਣਾ ਲਿਆ ਹੈ ਜੋ ਅੰਤਰਰਾਸ਼ਟਰੀ ਕ੍ਰਿਕਟ ਦੇ 146 ਸਾਲਾਂ ਦੇ ਇਤਿਹਾਸ ‘ਚ ਪਹਿਲਾਂ ਕਦੇ ਨਹੀਂ ਹੋ ਸਕਿਆ ਸੀ। ਦੁਨੀਆ ‘ਚ ਕ੍ਰਿਕਟ 1877 ਤੋਂ ਖੇਡੀ ਜਾ ਰਹੀ ਹੈ। ਉਦੋਂ ਤੋਂ ਲੈ ਕੇ ਹੁਣ ਤੱਕ, ਵਿਰਾਟ ਪਹਿਲਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਭਾਵ ਤਿੰਨੋਂ ਫਾਰਮੈਟਾਂ ਵਿੱਚ ਮਿਲਾ ਕੇ 7 ​​ਵੱਖ-ਵੱਖ ਕੈਲੰਡਰ ਸਾਲਾਂ ਵਿੱਚ 2000 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ।

ਵਿਰਾਟ ਕੋਹਲੀ (Virat Kohli) ਨੇ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਵੱਧ ਸੱਤ ਵਾਰ 2000+ ਦੌੜਾਂ ਬਣਾਈਆਂ। ਅਜਿਹਾ ਕਰਨ ਵਾਲੇ ਵਿਰਾਟ ਪਹਿਲੇ ਬੱਲੇਬਾਜ਼ ਬਣ ਗਏ। ਦੂਜੀ ਪਾਰੀ ਵਿੱਚ ਵਿਰਾਟ ਨੇ 82 ਗੇਂਦਾਂ ਵਿੱਚ 12 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 76 ਦੌੜਾਂ ਬਣਾਈਆਂ ਅਤੇ ਇਹ ਉਪਲਬਧੀ ਹਾਸਲ ਕੀਤੀ।

ਸਾਲ 2023 ਵਿੱਚ ਵਿਰਾਟ ਨੇ 35 ਅੰਤਰਰਾਸ਼ਟਰੀ ਮੈਚਾਂ ਦੀਆਂ 36 ਪਾਰੀਆਂ ਵਿੱਚ 66.06 ਦੀ ਔਸਤ ਨਾਲ 2048 ਦੌੜਾਂ ਬਣਾਈਆਂ। ਇਨ੍ਹਾਂ ‘ਚ 8 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2012 ਵਿੱਚ 2186 ਦੌੜਾਂ, ਸਾਲ 2014 ਵਿੱਚ 2286 ਦੌੜਾਂ, ਸਾਲ 2016 ਵਿੱਚ 2595 ਦੌੜਾਂ, ਸਾਲ 2017 ਵਿੱਚ 2818 ਦੌੜਾਂ, ਸਾਲ 2018 ਵਿੱਚ 2735 ਦੌੜਾਂ ਅਤੇ ਸਾਲ 2019 ਵਿੱਚ 2455 ਦੌੜਾਂ ਬਣਾਈਆਂ ਸਨ। 1877 ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਜਾਣ ਤੋਂ ਬਾਅਦ ਕਿਸੇ ਹੋਰ ਖਿਡਾਰੀ ਨੇ (ਅਧਿਕਾਰਤ ਰਿਕਾਰਡਾਂ ਅਨੁਸਾਰ) ਇਹ ਉਪਲਬਧੀ ਹਾਸਲ ਨਹੀਂ ਕੀਤੀ ਹੈ। ਕੋਹਲੀ ਤੋਂ ਬਾਅਦ ਸ਼੍ਰੀਲੰਕਾ ਦੇ ਦੋ ਸਾਬਕਾ ਦਿੱਗਜ ਖਿਡਾਰੀ ਕੁਮਾਰ ਸੰਗਾਕਾਰਾ ਹਨ। ਸੰਗਾਕਾਰਾ ਛੇ ਵਾਰ ਅਜਿਹਾ ਕਰ ਚੁੱਕੇ ਹਨ।

ਸੰਗਾਕਾਰਾ ਨੇ 2013 (2868 ਦੌੜਾਂ), 2006 (2609 ਦੌੜਾਂ), 2009 (2436 ਦੌੜਾਂ), 2011 (2267 ਦੌੜਾਂ), 2012 (2148 ਦੌੜਾਂ) ਅਤੇ 2004 (2124 ਦੌੜਾਂ) ਵਿੱਚ ਅਜਿਹਾ ਕੀਤਾ ਸੀ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਅਤੇ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਪੰਜ-ਪੰਜ ਵਾਰ ਅਜਿਹਾ ਕਰ ਚੁੱਕੇ ਹਨ। ਜੈਵਰਧਨੇ ਨੇ 2001 (2313 ਦੌੜਾਂ), 2007 (2230 ਦੌੜਾਂ), 2006 (2179 ਦੌੜਾਂ), 2009 (2094 ਦੌੜਾਂ) ਅਤੇ 2013 (2007 ਦੌੜਾਂ) ਵਿੱਚ ਅਜਿਹਾ ਕੀਤਾ ਸੀ। ਸਚਿਨ ਨੇ 1998 ਵਿੱਚ 2541 ਦੌੜਾਂ, 1996 ਵਿੱਚ 2234 ਦੌੜਾਂ, 2007 ਵਿੱਚ 2201 ਦੌੜਾਂ, 2002 ਵਿੱਚ 2133 ਦੌੜਾਂ ਅਤੇ 1997 ਵਿੱਚ 2011 ਦੌੜਾਂ ਬਣਾਈਆਂ ਸਨ।